ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਵਿਸਥਾਰ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਇਜਾਜ਼ਤ ਲਈ ਹੈ।
ਪੰਜਾਬ ਵਿਚਲੀ ਆਮ ਆਦਮੀ ਪਾਰਟੀ ਸਰਕਾਰ ਨੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਵਿਸਥਾਰ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਇਜਾਜ਼ਤ ਲਈ ਹੈ। ਸੋਮਵਾਰ ਸ਼ਾਮ 5 ਵਜੇ ਰਾਜ ਭਵਨ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ।
ਰਾਜਪਾਲ ਗੁਲਾਬਚੰਦ ਕਟਾਰੀਆ ਨੇ ਹਰਦੀਪ ਸਿੰਘ ਮੁੰਡੀਆ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਾਈ। ਇਨ੍ਹਾਂ ਤੋਂ ਬਾਅਦ ਲਹਿਰਾਗਾਗਾ ਤੋਂ ਵਿਧਾਇਕ ਵਰਿੰਦਰ ਕੁਮਾਰ ਗੋਇਲ ਨੇ ਮੰਤਰੀ ਵਜੋਂ ਸਹੁੰ ਚੁੱਕੀ।
ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੌਂਧ ਨੇ ਤੀਜੇ ਨੰਬਰ ‘ਤੇ ਸਹੁੰ ਚੁੱਕੀ। ਇਸ ਵਾਰ ਲੁਧਿਆਣਾ ਤੋਂ ਦੋ ਵਿਧਾਇਕ ਮੰਤਰੀ ਬਣਾਏ ਗਏ ਹਨ।
ਸ਼ਾਮਚੁਰਾਸੀ ਤੋਂ ਵਿਧਾਇਕ ਡਾ: ਰਵਜੋਤ ਸਿੰਘ ਨੇ ਵੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਪੇਸ਼ੇ ਵਜੋਂ ਡਾਕਟਰ ਹਨ।
ਜਲੰਧਰ ਤੋਂ ਵਿਧਾਇਕ ਮਹਿੰਦਰ ਭਗਤ ਨੇ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
ਢਾਈ ਸਾਲ ਪੁਰਾਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਚੌਥੀ ਵਾਰ ਹੈ ਜਦੋਂ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਗਿਆ ਹੈ।
ਜਾਣੋ ਮੰਤਰੀ ਮੰਡਲ ਦਾ ਵਿਸਥਾਰ ਅਤੇ ਫੇਰਬਦਲ ਕਦੋਂ ਕਦੋਂ ਹੋਇਆ?
4 ਜੁਲਾਈ 2022: ਅਮਨ ਅਰੋੜਾ, ਇੰਦਰਬੀਰ ਨਿੱਝਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜੇਮਾਜਰਾ, ਅਨਮੋਲ ਗਗਨ ਮਾਨ ਨੇ ਮੰਤਰੀ ਵਜੋਂ ਸਹੁੰ ਚੁੱਕੀ।
7 ਜਨਵਰੀ 2023: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ, ਡਾ ਬਲਬੀਰ ਸਿੰਘ ਸਿਹਤ ਮੰਤਰੀ ਬਣੇ। ਚੇਤਨ ਸਿੰਘ ਜੌੜੇਮਾਜਰਾ ਤੋਂ ਸਿਹਤ ਵਿਭਾਗ ਲੈ ਗਏ। 5 ਹੋਰ ਮੰਤਰੀਆਂ ਦੇ ਵਿਭਾਗ ਬਦਲੇ ਗਏ।
31 ਮਈ 2023: ਡਾ. ਇੰਦਰਬੀਰ ਨਿੱਝਰ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ। ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।