ਪੰਜਾਬ ਸਰਕਾਰ ਸਿਹਤ ਖੇਤਰ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ
ਪੰਜਾਬ ਸਰਕਾਰ ਸਿਹਤ ਖੇਤਰ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ, ਜਿਸ ਤਹਿਤ ਸਿਹਤ ਵਿਭਾਗ ਵਿੱਚ ਬਹੁਤ ਜਲਦ ਕਰੀਬ 500 ਡਾਕਟਰਾਂ ਦੀ ਭਰਤੀ ਬਹੁਤ ਜਲਦੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਭਰਤੀ ਕੀਤੀਆਂ 950 ਨਰਸਾਂ ਨੂੰ ਮੁੱਖ ਮੰਤਰੀ ਵੱਲੋਂ ਬਹੁਤ ਜਲਦ ਨਿਯੁਕਤੀ ਪੱਤਰ ਸੌਂਪੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਏ ਜਾ ਰਹੇ 829 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤਕ ਕਰੀਬ 1.5 ਕਰੋੜ ਲੋਕ ਆਪਣਾ ਇਲਾਜ ਮੁਫ਼ਤ ਕਰਵਾ ਚੁੱਕੇ ਹਨ। ਇਹ ਕਲੀਨਿਕ ਸਿਹਤ ਖੇਤਰ ਵਿਚਲੀ ਕ੍ਰਾਂਤੀ ਸਾਬਤ ਹੋ ਰਹੇ ਹਨ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਤੇ ਜਾਰੀ ਕਾਰਜਾਂ ਦੀ ਸਮੀਖਿਆ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।
ਸਿਹਤ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵੀ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸ ਕਾਰਜ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਕੋਈ ਅਜਿਹਾ ਵਿਅਕਤੀ ਆਉਂਦਾ ਹੈ, ਜਿਹੜਾ ਨਸ਼ਿਆਂ ਤੋਂ ਪੀੜਤ ਹੈ ਤਾਂ ਉਸ ਨੂੰ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਵਿੱਚ ਲਿਆਂਦਾ ਜਾਵੇ, ਉੱਥੇ ਨਸ਼ਾ ਪੀੜਤ ਦਾ ਨਸ਼ਾ ਵੀ ਛੁਡਾਇਆ ਜਾਵੇਗਾ ਤੇ ਨਾਲ ਹੀ ਉਸ ਨੂੰ ਕੋਈ ਨਾ ਕੋਈ ਹੁਨਰ ਸਿਖਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਣਾਇਆ ਜਾਵੇਗਾ ਅਤੇ ਲੋਨ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਰੁਜ਼ਗਾਰ ਵੀ ਸ਼ੁਰੂ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਹੁਣ ਤਕ ਸਾਹਮਣੇ ਆਏ ਡੇਂਗੂ ਦੇ ਕੇਸਾਂ ਦੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ ਵੀ ਕਿਤੇ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਮਰੀਜ਼ ਦੀ ਪੂਰੀ ਸਾਂਭ ਸੰਭਾਲ ਯਕੀਨੀ ਬਨਾਉਣ ਦੇ ਨਾਲ ਨਾਲ ਉਥੇ ਫੌਗਿੰਗ ਤਰਜੀਹੀ ਅਧਾਰ ਉਤੇ ਕਰਵਾਈ ਜਾਵੇ। ਇਸ ਦੇ ਨਾਲ ਨਾਲ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਪਾਣੀ ਦੀ ਸੈਂਪਲਾਂ ਦੀ ਲਗਾਤਾਰ ਟੈਸਟਿੰਗ ਕੀਤੀ ਜਾਵੇ ਤੇ ਪਾਣੀ ਦੀ ਕਲੋਰੀਨੇਸ਼ਨ ਵੀ ਯਕੀਨੀ ਬਣਾਈ ਜਾਵੇ। ਪਿੰਡਾਂ ਵਿੱਚ ਲੱਗੇ ਆਰਓ ਸਿਸਟਮਜ਼ ਦੇ ਚੱਲਦੇ ਹੋਣ ਨੂੰ ਯਕੀਨੀ ਬਣਾਇਆ ਜਾਵੇ।
ਕੈਬਨਿਟ ਮੰਤਰੀ ਨੇ ਸਿਹਤ ਵਿਭਾਗ, ਸਥਾਨਕ ਸਰਕਾਰ ਵਿਭਾਗ, ਪੰਚਾਇਤ ਤੇ ਪੇਂਡੂ ਵਿਕਾਸ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਆਪਸ ਵਿੱਚ ਤਾਲਮੇਲ ਕਰ ਕੇ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਨਾਖ਼ਤ ਕੀਤੀ 27 ਹਾਟ ਸਪੌਟਾਂ ਸਬੰਧੀ ਪਾਣੀ ਦੀ ਟੈਸਟਿੰਗ, ਫੌਗਿੰਗ ਤੇ ਲਾਰਵੇ ਦੀ ਚੈਕਿੰਗ ਯਕੀਨੀ ਬਣਾਈ ਜਾਵੇ। ਹਰ ਸ਼ਹਿਰ ਤੇ ਹਰ ਪਿੰਡ ਵਿੱਚ ਫੌਗਿੰਗ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਸਿੱਖਿਆ ਵਿਭਾਗ ਨੂੰ ਵੀ ਨਾਲ ਲੈ ਕੇ ਕੰਮ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੀ ਮੁਹਿੰਮ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਵਿੱਚ ਸੈਕੰਡਰੀ ਸਿੱਖਿਆ ਨਾਲ ਸਬੰਧਤ ਵਿਦਿਆਰਥੀਆਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਡੇਂਗੂ ਦੇ ਲਾਰਵੇ ਦੀ ਪਛਾਣ ਕਰਵਾਈ ਜਾਵੇ। ਜਿਹੜੇ ਵਿਦਿਆਰਥੀ ਲਾਰਵਾ ਲੱਭਣ ਵਿੱਚ ਸਫ਼ਲ ਹੋਣਗੇ, ਉਨ੍ਹਾਂ ਨੂੰ ਪ੍ਰੀਖਿਆਵਾਂ ਸਬੰਧੀ ਵਿਸ਼ੇਸ਼ ਤੌਰ ਉਤੇ ਅੰਕ ਵੀ ਦਿੱਤੇ ਜਾਣਗੇ। ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਕੇਂਦਰ ਤੋਂ ਆਉਣ ਵਾਲੀਆਂ ਦਵਾਈਆਂ ਕਾਰਨ ਦਵਾਈਆਂ ਸਬੰਧੀ ਕਮੀ ਆ ਜਾਂਦੀ ਸੀ ਪਰ ਹੁਣ ਉਨ੍ਹਾਂ ਨੇ ਇਸ ਵੱਲ ਉਚੇਚਾ ਧਿਆਨ ਦਿੰਦਿਆਂ ਇਸ ਸਬੰਧੀ ਕਾਰਵਾਈ ਕਰ ਕੇ ਇਹ ਮੁਸ਼ਕਲ ਹੱਲ ਕਰਵਾ ਦਿੱਤੀ ਹੈ ਤੇ ਹੁਣ ਦਵਾਈਆਂ ਦੀ ਕੋਈ ਕਮੀ ਨਹੀਂ ਹੈ, ਖਾਸਕਰ ਕੇ ਜੇਲ੍ਹਾਂ ਸਬੰਧੀ ਦਵਾਈਆਂ ਦੀ ਕਮੀ ਵੱਡੇ ਪੱਧਰ ਉਤੇ ਸਾਹਮਣੇ ਆਈ ਸੀ, ਪਰ ਹੁਣ ਇਸ ਮੁਸ਼ਕਲ ਹੱਲ ਕਰ ਦਿੱਤੀ ਗਈ ਹੈ।
ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ਿਆਂ ਦੇ ਖਾਤਮੇ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਨੇ ਪਟਿਆਲਾ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇੱਕ ਮੀਡੀਆ ਕਰਮੀ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉਤੇ ਪਟਿਆਲਾ ਵਿਖੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਹਰ ਮੀਡੀਆ ਕਰਮੀ ਨੂੰ ਸਮਾਜ ਪ੍ਰਤੀ ਅਜਿਹੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਈਸ਼ਾ ਸਿੰਗਲ,ਐੱਸਡੀਐੱਮ ਫਤਹਿਗੜ੍ਹ ਸਾਹਿਬ ਇਸਮਤ ਵਿਜੈ ਸਿੰਘ, ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਮੌਜੂਦ ਸਨ।