ਜੰਮੂ-ਕਸ਼ਮੀਰ ’ਚ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਸਿਹਤ ਕਰਮਚਾਰੀ ਵੀ ਆਪਣੀ ਡਿਊਟੀ ਨਿਭਾਉਣਗੇ।
ਜੰਮੂ-ਕਸ਼ਮੀਰ ’ਚ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਸਿਹਤ ਕਰਮਚਾਰੀ ਵੀ ਆਪਣੀ ਡਿਊਟੀ ਨਿਭਾਉਣਗੇ। ਡਾਕਟਰਾਂ ਸਮੇਤ ਪੰਜਾਬ ਸਿਹਤ ਵਿਭਾਗ ਦੇ 70 ਕਰਮਚਾਰੀ ਤਿੰਨ ਸਿਫ਼ਟਾਂ ’ਚ ਆਪਣੀ ਡਿਊਟੀ ਦੇਣਗੇ, ਜਿਸ ਦੌਰਾਨ ਉਹ ਸ਼ਰਧਾਲੂਆਂ ਦੇ ਚੈੱਕਅਪ ਤੋਂ ਲੈ ਕੇ ਹੋਰ ਇਲਾਜ ਤੱਕ ਦਾ ਕੰਮ ਦੇਖਣਗੇ। ਇਨ੍ਹਾਂ ਕਰਮਚਾਰੀਆਂ ਨੂੰ ਡਿਊਟੀ ’ਤੇ ਹਾਜ਼ਰ ਹੋਣ ਲਈ ਡਾਇਰੈਕਟੋਰੇਟ ਸਿਹਤ ਸਰਵਿਸ ਕਸ਼ਮੀਰ ਵੱਲੋਂ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈੱਲਫੇਅਰ ਵਿਭਾਗ ਪੰਜਾਬ ਨੂੰ ਪੱਤਰ ਜਾਰੀ ਕਰਦਿਆਂ ਕਰਮਚਾਰੀ ਦੀ ਤਾਇਨਾਤੀ ਦਾ ਸਥਾਨ ਤੇ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ।
ਡਾਇਰੈਕਟੋਰੇਟ ਸਿਹਤ ਸਰਵਿਸ ਕਸ਼ਮੀਰ ਵੱਲੋਂ ਜਾਰੀ ਪੱਤਰ ਅਨੁਸਾਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਲਈ ਮੈਡੀਕਲ ਸਟਾਫ ਦੀ ਤਾਇਨਾਤੀ 27 ਜੂਨ ਤੋਂ 19 ਅਗਸਤ ਤੱਕ ਕੀਤੀ ਗਈ ਹੈ, ਜਿਸ ਦੌਰਾਨ ਪੰਜਾਬ ਦੇ 70 ਸਿਹਤ ਕਰਮਚਾਰੀ ਤਿੰਨ ਸਿਫ਼ਟਾਂ ’ਚ ਡਿਊਟੀ ਦੇਣਗੇ। ਪਹਿਲੀ ਸਿਫ਼ਟ 27 ਜੂਨ ਤੋਂ 16 ਜੁਲਾਈ ਤੱਕ ਜਾਰੀ ਹੈ ਜਦੋਂ ਕਿ ਦੂਜੀ ਸਿਫ਼ਟ ਦਾ ਅਮਲਾ 14 ਜੁਲਾਈ ਤੋਂ ਪਹੁੰਚ ਕੇ 2 ਅਗਸਤ ਤੱਕ ਡਿਊਟੀ ’ਤੇ ਤਾਇਨਾਤ ਰਹੇਗਾ ਤੇ ਤੀਜੀ ਸਿਫ਼ਟ ’ਚ ਸਿਹਤ ਕਰਮਚਾਰੀ 31 ਜੁਲਾਈ ਤੋਂ 19 ਅਗਸਤ ਤੱਕ ਡਿਊਟੀ ਦੇਣਗੇ। ਇਨ੍ਹਾਂ ਸਿਹਤ ਕਰਮਚਾਰੀਆਂ ’ਚ 27 ਮੈਡੀਕਲ ਅਫ਼ਸਰ, 14 ਸਟਾਫ ਨਰਸ, 15 ਫਾਰਮੇਸੀ ਅਫ਼ਸਰ ਸਮੇਤ ਰਾਡਿਓਗ੍ਰਾਫਰ, ਓਟੀ, ਮਲਟੀਪਲ ਸਟਾਫ ਸਮੇਤ ਹੋਰ ਵੀ ਕਾਮੇ ਸ਼ਾਮਲ ਹਨ। ਜਾਰੀ ਪੱਤਰ ਅਨੁਸਾਰ ਇਨ੍ਹਾਂ ਕਰਮਚਾਰੀਆਂ ਲਈ ਟ੍ਰੇਨਿੰਗ ਪ੍ਰੋਗਰਾਮ ਅਟੈਂਡ ਕਰਨਾ ਜ਼ਰੂਰੀ ਹੈ ਅਤੇ ਇਹ ਕਰਮਚਾਰੀ ਆਪਣੀ ਡਿਊਟੀ ’ਤੇ ਪਹੁੰਚਣ ਲਈ ਤੈਅ ਮਿਤੀ ਅਨੁਸਾਰ ਸ਼੍ਰੀਨਗਰ ਪਹੁੰਚਣਗੇ, ਜਿੱਥੋ ਅੱਗੇ ਲਈ ਸਬੰਧਿਤ ਅਫ਼ਸਰ ਇਨ੍ਹਾਂ ਨੂੰ ਡਿਊਟੀ ਸਥਾਨਾਂ ’ਤੇ ਪਹੁੰਚਾਵੇਗਾ।
ਐਡਵਾਇਜ਼ਰੀ ਜਾਰੀ
ਡਿਊਟੀ ਦੇਣ ਆਉਣ ਵਾਲੇ ਸਿਹਤ ਕਰਮੀਆਂ ਨੂੰ ਮੌਸਮ ਤੇ ਹੋਰ ਹਾਲਾਤ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ ਕਰਦਿਆਂ ਸਿਹਤ ਸਰਵਿਸ ਵਿਭਾਗ ਕਸ਼ਮੀਰ ਨੇ ਵੱਖ-ਵੱਖ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ ਹੈ। ਜਾਰੀ ਐਡਵਾਇਜ਼ਰੀ ਅਨੁਸਾਰ ਗਰਮ ਕੱਪੜੇ, ਬੂਟ, ਗਰਮ ਟੋਪੀ ਸਮੇਤ ਪਛਾਣ ਲਈ ਪਾਸਪੋਰਟ ਸਾਈਜ਼ ਫੋਟੇ ਤੇ ਆਧਾਰ ਕਾਰਡ ਜ਼ਰੂਰੀ ਹੈ। ਇਸ ਤੋਂ ਇਲਾਵਾ ਫੋਨ ਵਰਤਣ ਲਈ ਬੀਐੱਸਐੱਨਐੱਲ, ਜੀਓ ਜਾਂ ਏਅਰਟੈੱਲ ਦਾ ਪੋਸਟਪੇਡ ਸਿਮ ਜ਼ਰੂਰੀ ਹੈ ਅਤੇ ਕੈਂਪ ’ਚ ਜਾਣ ਲਈ ਜਥਿਆਂ ਦੇ ਰੂਪ ’ਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਜਾਣਾ ਜ਼ਰੂਰੀ ਹੈ।