ਮਹਿੰਦਰ ਸਿੰਘ ਦੇ ਗੁਜ਼ਰ ਜਾਣ ਨਾਲ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਸਥਾਨਕ ਮਹੱਲਾ ਟਿੱਬਾ ਸਾਹਿਬ ‘ਚ ਰਹਿੰਦੇ ਇਕ ਪਰਿਵਾਰ ਦੇ ਇਕਲੌਤੇ ਪੁੱਤਰ ਤੇ ਤਿੰਨਾਂ ਭੈਣਾਂ ਦੇ ਇਕਲੌਤੇ ਵੀਰ ਦੀ ਬਹਿਰੀਨ ‘ਚ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸਵ. ਜੋਗਿੰਦਰ ਸਿੰਘ ਦਾ ਇਕਲੌਤਾ ਪੁੱਤਰ ਮਹਿੰਦਰ ਸਿੰਘ (54) ਪਿਛਲੇ ਕੁਝ ਸਾਲਾਂ ਤੋਂ ਬਹਿਰੀਨ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ। ਲੰਘੇ ਵੀਰਵਾਰ ਨੂੰ ਜਦੋਂ ਉਹ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਰਿਹਾਇਸ਼ੀ ਕਮਰੇ ਦੇ ਫਰਸ਼ ਤੇ ਅਣਕਿਆਸੀ ਹਾਲਤ ਵਿੱਚ ਲੇਟਿਆਂ ਵੇਖਿਆ ਜਿਸ ਦੀ ਹਾਲਤ ਬਹੁਤ ਨਾਜ਼ੁਕ ਸੀ। ਸਾਥੀਆਂ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਮਹਿੰਦਰ ਸਿੰਘ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਕਾਰਨ ਪਰਿਵਾਰ ਦਾ ਗੁਜ਼ਾਰਾ ਇਸ ਦੀ ਕਮਾਈ ਨਾਲ ਹੀ ਚੱਲਦਾ ਸੀ। ਮਹਿੰਦਰ ਸਿੰਘ ਦੇ ਗੁਜ਼ਰ ਜਾਣ ਨਾਲ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।