ਲੁਧਿਆਣਾ ਦੇ ਪੁਲਿਸ ਸਟੇਸ਼ਨ ਮੋਤੀ ਨਗਰ ਵਿੱਚ ਇੱਕ ਸ਼ਖਸ ਵੱਲੋਂ ਪੁਲਿਸ ਸਟੇਸ਼ਨ ਦੇ ਅੰਦਰ ਦਖਲ ਹੋ ਕੇ ਪੁਲਿਸ ਮੁਲਾਜ਼ਮ ‘ਤੇ ਹਮਲਾ
ਲੁਧਿਆਣਾ ਦੇ ਪੁਲਿਸ ਸਟੇਸ਼ਨ ਮੋਤੀ ਨਗਰ ਵਿੱਚ ਇੱਕ ਸ਼ਖਸ ਵੱਲੋਂ ਪੁਲਿਸ ਸਟੇਸ਼ਨ ਦੇ ਅੰਦਰ ਦਖਲ ਹੋ ਕੇ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ, ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਤਲਵਾਰ ਦੇ ਨਾਲ ਪੁਲਿਸ ਸਟੇਸ਼ਨ ਦੇ ਅੰਦਰ ਬੈਠੇ ਮੁਲਾਜ਼ਮ ‘ਤੇ ਹਮਲਾ ਕਰ ਰਿਹਾ ਹੈ ਅਤੇ ਮੁਲਾਜ਼ਮ ਭੱਜ ਕੇ ਆਪਣੀ ਜਾਨ ਬਚਾ ਰਿਹਾ ਹੈ।
ਦੱਸ ਦਈਏ ਕਿ ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕਾਫ਼ੀ ਸਮੇਂ ਤੋਂ ਬਾਅਦ ਉਸ ਸ਼ਖਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਫੜਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹ ਦਿਮਾਗੀ ਤੌਰ ‘ਤੇ ਬਿਮਾਰ ਸੀ।
ਪੁਲਿਸ ਸਟੇਸ਼ਨ ਮੋਤੀ ਨਗਰ ਦੇ ਐਸਐਚਓ ਬਲਜੀਤ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਤਵਾਰ ਦੀ ਸ਼ਾਮ ਅਸੀਂ ਇੱਕ ਟਰਾਂਸਪੋਰਟ ਨਗਰ ਤੋਂ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਆਏ ਸੀ, ਜਿਸ ਨੇ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਹੰਗਾਮਾ ਕਰ ਦਿੱਤਾ।
ਉਹਨਾਂ ਕਿਹਾ ਕਿ ਉਹ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ। ਉਹਨਾਂ ਕਿਹਾ ਕਿ ਬਾਅਦ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਅਤੇ ਉਸਦਾ ਨਾਂ ਪਤਾ ਪੁੱਛਿਆ ਗਿਆ ਪਰ ਉਹ ਜਾਣਕਾਰੀ ਨਹੀਂ ਦੇ ਸਕਿਆ।
ਉਹਨਾਂ ਕਿਹਾ ਕਿ ਬਾਅਦ ਦੇ ਵਿੱਚ ਉਸਨੂੰ ਹਸਪਤਾਲ ਭੇਜ ਦਿੱਤਾ ਗਿਆ। ਐਸ ਐਚ ਓ ਨੇ ਕਿਹਾ ਕਿ ਅਸੀਂ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ।
ਇਸ ਕਰਕੇ ਉਸ ਉੱਪਰ ਕੋਈ ਕਾਨੂੰਨੀ ਕਾਰਵਾਈ ਦਰਜ ਨਹੀਂ ਕੀਤੀ ਗਈ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕੋਈ ਮੁਲਾਜ਼ਮ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਉਹਨਾਂ ਕਿਹਾ ਕਿ ਅਜਿਹਾ ਕੋਈ ਮੁਲਾਜ਼ਮ ਜ਼ਖਮੀ ਨਹੀਂ ਜੋ ਇਸ ਹਾਦਸੇ ਵਿੱਚ ਜਖ਼ਮੀ ਹੋਇਆ ਹੋਵੇ। ਉਹਨਾਂ ਕਿਹਾ ਕਿ ਅਸੀਂ ਟਰਾਂਸਪੋਰਟ ਨਗਰ ਤੋਂ ਉਸ ਮੁਲਜ਼ਮ ਨੂੰ ਲੈ ਕੇ ਆਏ ਸੀ।