ਪੁਲਿਸ ਵੱਲੋਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਤੇ ਕਾਰਵਾਈ
ਡਾ. ਪ੍ਰਗਿਆ ਜੈਨ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਤੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 11 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮਿਤੀ 22-6-2024 ਨੂੰ ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਮਲਕੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਿਜਲੀ ਘਰ ਫਾਜਿਲਕਾ ਪਾਸ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਿਕੰਦਰ ਬੱਤਰਾ ਉਰਫ ਗੋਲਡੀ ਪੁੱਤਰ ਸੁਭਾਸ਼ ਚੰਦਰ ਵਾਸੀ ਰਾਧਾ ਸੁਆਮੀ ਕਲੋਨੀ ਫਾਜਿਲਕਾ ਅਤੇ ਮਾਨਵ ਕੁਮਾਰ ਪੁੱਤਰ ਰਾਜੀਵ ਕੁਮਾਰ ਵਾਸੀ ਧਾਨਕਾ ਮੁਹੱਲਾ ਫਾਜਿਲਕਾ ਮੋਟਰਸਾਈਕਲ ਚੋਰ ਕਰਕੇ ਵੇਚਣ ਦੇ ਆਦੀ ਹਨ।
ਜਿਸਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 95 ਮਿਤੀ 22-6-2024 ਜੁਰਮ 379,411 ਆਈ.ਪੀ.ਸੀ ਥਾਣਾ ਸਿਟੀ ਫਾਜਿਲਕਾ ਰਜਿਸਟਰ ਕੀਤਾ ਗਿਆ।
ਦੌਰਾਨੇ ਤਫਤੀਸ਼ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 07 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਜੋਨਪਾਲ ਉਰਫ ਗੋਰੂ ਪੁੱਤਰ ਜਸਕਰਨ ਵਾਸੀ ਅੰਨੀਂ ਦਿੱਲੀ ਫਾਜਿਲਕਾ ਅਤੇ ਜੋਨੀ ਪੁੱਤਰ ਦੇਸ ਰਾਜ ਵਾਸੀ ਧਾਨਕ ਮੁਹੱਲਾ ਫਾਜਿਲਕਾ ਵੀ ਮੋਟਰਸਾਈਕਲ ਚੋਰੀ ਕਰਦੇ ਹਨ।
ਜਿਹਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰ ਕੇ ਕਾਬੂ ਕੀਤਾ ਗਿਆ। ਜਿਹਨਾਂ ਦੀ ਨਿਸ਼ਾਨਦੇਹੀ ਪਰ 4 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਮੁਕੱਦਮਾ ਜੇਰ ਤਫਤੀਸ਼ ਹੈ।