ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਨਵਾਂ ਚੀਫ ਜਸਟਿਸ ਮਿਲ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਨਵਾਂ ਚੀਫ ਜਸਟਿਸ ਮਿਲ ਗਿਆ ਹੈ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਹੋਹਿਤ ਨੇ ਨਵੇਂ ਚੀਫ ਜਸਟਿਸ ਸ਼ੀਲ ਨਾਗੂ ਨੂੰ ਸਹੁੰ ਚੁਕਾਈ। ਪੰਜਾਬੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਇਸ ਮੌਕੇ ਮੌਜੂਦ ਸਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਸ਼ੀਲ ਨਾਗੂ ਦਾ ਜਨਮ 1 ਜਨਵਰੀ 1965 ਨੂੰ ਹੋਇਆ ਸੀ।
ਉਹ ਵਕੀਲ ਦੇ ਰੂਪ ‘ਚ 5 ਅਕਤੂਬਰ 1987 ਨੂੰ ਰਜਿਸਟਰਡ ਹੋਏ ਸੀ। ਉਨ੍ਹਾਂ ਨੇ ਜਬਲਪੁਰ ਵਿਖੇ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਸਿਵਲ ਅਤੇ ਸੰਵਿਧਾਨਕ ਕਾਨੂੰਨ ਦਾ ਅਭਿਆਸ ਕੀਤਾ। ਉਹ 27 ਮਈ 2011 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਹੋਏ ਅਤੇ 23 ਮਈ 2013 ਨੂੰ ਸਥਾਈ ਜੱਜ ਬਣੇ। ਉਹ ਹਾਈ ਕੋਰਟ ਦੀ ਗਵਾਲੀਅਰ ਬੈਂਚ ਵਿੱਚ ਪ੍ਰਸ਼ਾਸਨਿਕ ਜੱਜ ਰਹਿ ਚੁੱਕੇ ਹਨ।
ਇਸ ਸਾਲ ਫਰਵਰੀ ਵਿੱਚ ਗੁਰਮੀਤ ਸਿੰਘ ਸੰਧਾਵਾਲੀਆ ਨੂੰ ਹਾਈ ਕੋਰਟ ਦਾ ਕਾਰਜਕਾਰੀ ਚੀਫ਼ ਜਸਟਿਸ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਹਾਈ ਕੋਰਟ ਦੀ ਸੀਨੀਅਰ ਜੱਜ ਰਿਤੂ ਬਾਹਰੀ ਕਾਰਜਕਾਰੀ ਚੀਫ਼ ਜਸਟਿਸ ਦਾ ਅਹੁਦਾ ਸੰਭਾਲ ਰਹੀ ਸੀ। ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਇਸ ਤੋਂ ਬਾਅਦ ਜੀਐਸ ਸੰਧਾਵਾਲੀਆ ਨੂੰ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ।