ਜਲੰਧਰ : ਰੁਟੀਨ ਵਿਚ ਫਾਲਟ ਪੈਣ ਦੀ ਸੂਰਤ ਘੰਟਿਆਂਬੱਧੀ ਬਿਜਲੀ ਸਪਲਾਈ ਠੱਪ ਰਹਿਣਾ ਆਮ ਗੱਲ ਹੈ। ਇਸ ਦੇ ਨਾਲ ਹੀ ਜੇਕਰ ਟਰਾਂਸਫਾਰਮਰ ਵਿਚ ਕੋਈ ਫਾਲਟ ਪੈ ਜਾਂਦਾ ਹੈ ਤਾਂ ਉਸ ਨੂੰ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗ ਜਾਣਾ ਸੁਭਾਵਿਕ ਜਿਹੀ ਗੱਲ ਹੈ। ਅਜਿਹੇ ਹਾਲਾਤ ਵਿਚ ਰਿਪੇਅਰ ਦਾ ਕੰਮ ਪੂਰਾ ਹੋਣ ਵਿਚ ਕਈ ਵਾਰ 24 ਘੰਟੇ ਜਾਂ ਇਸ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਜਲੰਧਰ ਸਰਕਲ ਨੂੰ ਸਟੈਂਡ-ਬਾਏ ਟਰਾਂਸਫਾਰਮਰ ਵਾਲੀਆਂ 10 ਟਰਾਲੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਜ਼ਰੀਏ ਟਰਾਂਸਫਾਰਮਰ ਵਿਚ ਫਾਲਟ ਪੈਣ ਦੀ ਸੂਰਤ ਵਿਚ ਤੁਰੰਤ ਪ੍ਰਭਾਵ ਨਾਲ ਉਕਤ ਟਰਾਲੀ ਲਾ ਕੇ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ।
5 ਲੱਖ ਰੁਪਏ ਪ੍ਰਤੀ ਟਰਾਲੀ ਦੇ ਹਿਸਾਬ ਨਾਲ ‘ਸਟੈਂਡ-ਬਾਏ ਟਰਾਂਸਫਾਰਮਰ ਟਰਾਲੀਆਂ’ ਦੇ ਇਸ ਪ੍ਰਾਜੈਕਟ ’ਤੇ 50 ਲੱਖ ਰੁਪਏ ਤੋਂ ਵੱਧ ਖ਼ਰਚ ਆਉਣ ਦਾ ਅਨੁਮਾਨ ਹੈ। ਜਲੰਧਰ ਸਰਕਲ ਦੀਆਂ ਪੰਜ ਡਿਵੀਜ਼ਨਾਂ ਨੂੰ 2-2 ਟਰਾਲੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਟਰਾਲੀਆਂ ਵਿਚ 200 ਜਾਂ 300 ਕੇ. ਵੀ. ਏ. ਦੇ ਵੱਡੇ ਟਰਾਂਸਫਾਰਮਰ ਲਾਏ ਜਾਣਗੇ ਤਾਂ ਜੋ ਕਿਸੇ ਵੀ ਵੱਡੇ ਇਲਾਕੇ ਦੀ ਸਮੱਸਿਆ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕੇ। ਜਿਹੜੀਆਂ ਡਿਵੀਜ਼ਨਾਂ ਵਿਚ ਛੋਟੀਆਂ ਟਰਾਲੀਆਂ ਦੀ ਲੋੜ ਮਹਿਸੂਸ ਕੀਤੀ ਜਾਵੇਗੀ, ਉਨ੍ਹਾਂ ਲਈ ਛੋਟੀਆਂ ਟਰਾਲੀਆਂ ਉਪਲੱਬਧ ਕਰਵਾਈਆਂ ਜਾਣਗੀਆਂ। ਪੱਛਮੀ ਡਿਵੀਜ਼ਨ ਅਧੀਨ ਪੈਂਦੇ ਪੁਰਾਣੇ ਬਾਜ਼ਾਰਾਂ ਅਤੇ ਤੰਗ ਮੁਹੱਲਿਆਂ ਵਿਚ ਵੱਡੀਆਂ ਟਰਾਲੀਆਂ ਨੂੰ ਜਾਣ ਲਈ ਕੋਈ ਰਸਤਾ ਨਹੀਂ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਵਿਭਾਗ ਵੱਲੋਂ ਤੰਗ ਇਲਾਕਿਆਂ ਲਈ ਵੀ ਪ੍ਰਬੰਧ ਕੀਤੇ ਜਾਣਗੇ।
ਪਾਵਰਕਾਮ ਦੀਆਂ ਕਈ ਡਿਵੀਜ਼ਨਾਂ ਕੋਲ ਇਸ ਵੇਲੇ ਅਜਿਹੀਆਂ ਟਰਾਲੀਆਂ ਮੌਜੂਦ ਹਨ ਪਰ ਉਕਤ ਟਰਾਲੀਆਂ ਵਿਚ ਛੋਟੇ ਟਰਾਂਸਫਾਰਮਰ ਲਾਏ ਜਾਣ ਕਾਰਨ ਇਹ ਵੱਡੇ ਇਲਾਕੇ ਦਾ ਲੋਡ ਚੁੱਕਣ ਦੇ ਸਮਰੱਥ ਨਹੀਂ ਹਨ। ਇਸ ਕਾਰਨ ਵਿਭਾਗ ਨੇ ਜਲੰਧਰ ਸਰਕਲ ਅਧੀਨ 10 ਟਰਾਲੀਆਂ ਦੇਣ ਦੀ ਯੋਜਨਾ ਬਣਾਈ ਗਈ ਹੈ। ਉਕਤ ਸਟੈਂਡ-ਬਾਏ ਟਰਾਲੀਆਂ ਨੂੰ ਲਾਉਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ। ਟਰਾਲੀ ਨੂੰ ਫਾਲਟ ਵਾਲੀ ਥਾਂ ’ਤੇ ਲਿਆਉਣ ਲਈ ਲੱਗਣ ਵਾਲੇ ਸਮੇਂ ਦੌਰਾਨ ਬਿਜਲੀ ਬੰਦ ਰਹੇਗੀ। ਟਰਾਲੀ ਦੇ ਆਉਂਦੇ ਹੀ ਬਿਜਲੀ ਦੀਆਂ ਤਾਰਾਂ ਨੂੰ ਟਰਾਲੀ ਦੇ ਟਰਾਂਸਫਾਰਮਰ ਨਾਲ ਜੋੜ ਦਿੱਤਾ ਜਾਵੇਗਾ ਤੇ ਤੁਰੰਤ ਪ੍ਰਭਾਵ ਨਾਲ ਸਪਲਾਈ ਚਾਲੂ ਹੋ ਜਾਵੇਗੀ।
ਮਾਹਿਰਾਂ ਦਾ ਕਹਿਣਾ ਹੈ ਕਿ ਟਰਾਂਸਫਾਰਮਰ ਵਿਚ ਫਾਲਟ ਪੈਣ ਦੀ ਸੂਰਤ ਵਿਚ ਇਹ ਤੁਰੰਤ ਠੀਕ ਨਹੀਂ ਕੀਤਾ ਜਾ ਸਕਦਾ, ਇਸ ਲਈ ਇਨ੍ਹਾਂ ਟਰਾਲੀਆਂ ਨੂੰ ਉਪਲੱਬਧ ਕਰਵਾਉਣਾ ਲਾਹੇਵੰਦ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਟਰਾਲੀ ਲਾਉਣ ਤੋਂ ਬਾਅਦ ਟਰਾਂਸਫਾਰਮਰ ਦੀ ਮੁਰੰਮਤ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਸੀਨੀਅਰ ਅਧਿਕਾਰੀਆਂ ਨੂੰ ਇਸ ਪ੍ਰਤੀ ਗੰਭੀਰਤਾ ਦਿਖਾਉਣੀ ਪਵੇਗੀ ਤਾਂ ਕਿ ਟਰਾਲੀ ਤੋਂ ਕੰਮ ਲੈ ਕੇ ਉਸ ਨੂੰ ਵਾਪਸ ਡਵੀਜ਼ਨ ਵਿਚ ਭਿਜਵਾਇਆ ਜਾ ਸਕੇ।
ਸਰਦੀਆਂ ਦੇ ਮੌਸਮ ਦੌਰਾਨ ਆਪਣੇ ਢਾਂਚੇ ਨੂੰ ਮਜ਼ਬੂਤ ਕਰੇਗਾ ਪਾਵਰਕਾਮ
ਗਰਮੀ ਦੇ ਮੌਸਮ ਦੌਰਾਨ ਅਧਿਕਾਰੀਆਂ ਕੋਲ ਵਿਕਾਸ ਕਾਰਜ ਕਰਵਾਉਣ ਲਈ ਸਮਾਂ ਨਹੀਂ ਹੁੰਦਾ। ਮੁੱਖ ਤੌਰ ’ਤੇ ਸਪਲਾਈ ਚਲਾਉਣ ’ਤੇ ਫੋਕਸ ਕੀਤਾ ਜਾਂਦਾ ਹੈ। ਸਰਦੀ ਦੇ ਮੌਸਮ ਦੌਰਾਨ ਅਧਿਕਾਰੀਆਂ ਕੋਲ ਪੂਰਾ ਸਮਾਂ ਹੁੰਦਾ ਹੈ, ਜਿਸ ਕਾਰਨ ਵਿਭਾਗ ਇਸ ਸਮੇਂ ਦੌਰਾਨ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸੇ ਲੜੀ ਤਹਿਤ ਜਲੰਧਰ ਦੀ ਹਰੇਕ ਡਵੀਜ਼ਨ ਵਿਚ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਇਸ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।