ਜਲੰਧਰ () –ਮੁੱਢਲੀਆਂ ਸਹੂਲਤਾਂ ਵਿਚ ਅਹਿਮ ਸਥਾਨ ਰੱਖਣ ਵਾਲੇ ਪਾਵਰਕਾਮ ਕੋਲ ਸਟਾਫ਼ ਦੀ ਬੇਹੱਦ ਸ਼ਾਰਟੇਜ ਚੱਲ ਰਹੀ ਹੈ। ਫੀਲਡ ਵਿਚ ਤਾਇਨਾਤ 20 ਫ਼ੀਸਦੀ ਕਰਮਚਾਰੀਆਂ ਵੱਲੋਂ ਜਲੰਧਰ ਸਰਕਲ ਵਿਚ ਟੈਕਨੀਕਲ ਕੰਮ ਦੀ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਹੈ, ਜਦਕਿ 80 ਫ਼ੀਸਦੀ ਅਹੁਦੇ ਖਾਲੀ ਪਏ ਹਨ। ਪੱਕੇ ਕਰਮਚਾਰੀਆਂ ਦੀ ਭਰਤੀ ਦੇ ਉਲਟ ਵਿਭਾਗ ਵੱਲੋਂ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਨੂੰ ਠੇਕੇ ’ਤੇ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।
ਦੂਜੇ ਪਾਸੇ ਸਟਾਫ਼ ਦੀ ਸ਼ਾਰਟੇਜ ਕਾਰਨ ਬਿਜਲੀ ਖ਼ਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਰੁਟੀਨ ਵਿਚ ਪੈਣ ਵਾਲੇ ਫਾਲਟ, ਬਾਰਿਸ਼, ਹਨੇਰੀ ਅਤੇ ਮੌਸਮ ਖ਼ਰਾਬ ਹੋਣ ਕਾਰਨ ਲਾਈਨਾਂ ਵਿਚ ਆਉਣ ਵਾਲੀ ਖ਼ਰਾਬੀ ਸਮੇਂ ’ਤੇ ਠੀਕ ਨਹੀਂ ਹੋ ਪਾਉਂਦੀ। ਘੰਟਿਆਂਬੱਧੀ ਬੱਤੀ ਬੰਦ ਰਹਿਣ ਕਾਰਨ ਫੀਲਡ ਸਟਾਫ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਦਾ ਮੌਸਮ ਭਾਵੇਂ ਨਿਕਲ ਚੁੱਕਾ ਹੈ ਪਰ ਸਟਾਫ਼ ਦੀ ਸ਼ਾਰਟੇਜ ਕਾਰਨ ਸਰਦੀ ਦੇ ਮੌਸਮ ਵਿਚ ਵੀ ਪਾਵਰਕਾਮ ਦੇ ਪਸੀਨੇ ਨਿਕਲ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਗਰਮੀ ਦੇ ਮੌਸਮ ਤੋਂ ਬਾਅਦ ਹੋਣ ਵਾਲਾ ਮੇਨਟੀਨੈਂਸ ਦਾ ਕੰਮ ਵਿਭਾਗੀ ਕਰਮਚਾਰੀਆਂ ਲਈ ਆਫ਼ਤ ਬਣਿਆ ਹੋਇਆ ਹੈ। ਸਟਾਫ਼ ਦੀ ਸ਼ਾਰਟੇਜ ਨਾਲ ਜੂਝ ਰਹੇ ਪਾਵਰਕਾਮ ਦੇ ਸਰਦੀ ਦੇ ਮੌਸਮ ਵਿਚ ਪਸੀਨੇ ਨਿਕਲ ਰਹੇ ਹਨ ਕਿਉਂਕਿ 20 ਫ਼ੀਸਦੀ ਕਰਮਚਾਰੀਆਂ ਦੇ ਮੋਢਿਆਂ ’ਤੇ ਕੰਮਕਾਜ ਦਾ ਪੂਰਾ ਬੋਝ ਪਿਆ ਹੋਇਆ ਹੈ।
ਪਿਛਲੇ ਸਮੇਂ ਦੌਰਾਨ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਜਲੰਧਰ ਸਰਕਲ ਅਧੀਨ 5 ਡਿਵੀਜ਼ਨਾਂ ਵਿਚ ਜੇ. ਈ., ਲਾਈਨਮੈਨ, ਸਹਾਇਕ ਲਾਈਨਮੈਨ (ਏ. ਐੱਲ. ਐੱਮ.) ਨੂੰ ਮਿਲਾ ਕੇ ਟੈਕਨੀਕਲ ਸਟਾਫ਼ ਦੇ ਕੁੱਲ 1957 ਅਹੁਦੇ ਹਨ, ਜਿਨ੍ਹਾਂ ਵਿਚੋਂ 1565 ਖਾਲੀ ਪਏ ਹੋਏ ਹਨ ਅਤੇ ਇਸ ਸਮੇਂ ਸਿਰਫ 392 ਕਰਮਚਾਰੀ ਫ਼ੀਲਡ ਵਿਚ ਕੰਮ ਕਰਨ ਲਈ ਉਪਲੱਬਧ ਹਨ। ਸਟਾਫ਼ ਦੀ ਸ਼ਾਰਟੇਜ ਕਾਰਨ ਜੇ. ਈ., ਐੱਸ. ਡੀ. ਓ. ਤੋਂ ਲੈ ਕੇ ਡਿਵੀਜ਼ਨ ਦੇ ਐਕਸੀਅਨ ਤਕ ਪ੍ਰੇਸ਼ਾਨ ਹਨ। ਮੌਸਮ ਦੀ ਖ਼ਰਾਬੀ ਵਿਚ ਸ਼ਿਕਾਇਤਾਂ ਵਧਣ ’ਤੇ ਅਧਿਕਾਰੀ ਕਈ ਵਾਰ ਬੇਵੱਸ ਨਜ਼ਰ ਆਉਂਦੇ ਹਨ। ਖੁੱਲ੍ਹ ਕੇ ਭਾਵੇਂ ਅਧਿਕਾਰੀ ਕੁਝ ਨਹੀਂ ਕਹਿੰਦੇ ਪਰ ਉਨ੍ਹਾਂ ਦੀ ਪ੍ਰੇਸ਼ਾਨੀ ਖਾਲੀ ਪਏ ਅੰਕੜਿਆਂ ਵਿਚ ਨਜ਼ਰ ਆਉਂਦੀ ਹੈ। ਕਈਆਂ ਦਾ ਕਹਿਣਾ ਹੈ ਕਿ ਸਟਾਫ ਦੀ ਸ਼ਾਰਟੇਜ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ।
ਦੂਜੇ ਪਾਸੇ ਫਾਲਟ ਸਮੇਂ ’ਤੇ ਠੀਕ ਨਾ ਹੋਣ ਦੀ ਸੂਰਤ ਵਿਚ ਇੰਡਸਟਰੀ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰਮਚਾਰੀਆਂ ਦੀ ਘਾਟ ਕਾਰਨ ਕਈ-ਕਈ ਘੰਟੇ ਇੰਡਸਟਰੀ ਬੰਦ ਰਹਿੰਦੀ ਹੈ। ਦੂਜੇ ਪਾਸੇ ਕਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਟਾਫ਼ ਦੀ ਸ਼ਾਰਟੇਜ ਕਾਰਨ ਉਹ ਓਵਰ ਵਰਕਲੋਡ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੇਨਟੀਨੈਂਸ ਦਾ ਕੰਮ ਤੇਜ਼ ਸਪੀਡ ਨਾਲ ਨਹੀਂ ਹੋ ਪਾ ਰਿਹਾ। ਕਈ ਕਰਮਚਾਰੀਆਂ ਨੂੰ ਨਿਯਮਿਤ ਰੂਪ ਵਿਚ ਡਿਪ੍ਰੈਸ਼ਨ ਦੀ ਦਵਾਈ ਖਾਣੀ ਪੈ ਰਹੀ ਹੈ। ਅਜਿਹੇ ਹਾਲਾਤ ਵਿਚ ਪੱਕੀ ਭਰਤੀ ਕਰਨ ਨਾਲ ਕਰਮਚਾਰੀਆਂ ਨੂੰ ਰਾਹਤ ਮਿਲੇਗੀ।
ਲਗਾਤਾਰ ਵਧ ਰਹੇ ਖਪਤਕਾਰਾਂ ਨਾਲ ਗੰਭੀਰ ਹੋ ਰਹੀ ਸਮੱਸਿਆ
ਟੈਕਨੀਕਲ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਨੂੰ ਠੇਕੇ ’ਤੇ ਰੱਖਿਆ ਗਿਆ ਹੈ। ਉਕਤ ਕਰਮਚਾਰੀਆਂ ਤੋਂ ਸਪੋਰਟਿੰਗ ਸਟਾਫ਼ ਦੇ ਤੌਰ ’ਤੇ ਕੰਮ ਕਰਵਾਇਆ ਜਾਂਦਾ ਹੈ। ਇਨ੍ਹਾਂ ਨੂੰ ਵਿਭਾਗੀ ਲਾਈਨਮੈਨ ਜਾਂ ਸਹਾਇਕ ਲਾਈਨਮੈਨ ਦੀ ਨਿਗਰਾਨੀ ਵਿਚ ਕੰਮ ਕਰਨਾ ਹੁੰਦਾ ਹੈ। ਵਿਭਾਗੀ ਅੰਕੜਿਆਂ ਮੁਤਾਬਕ 413 ਸੀ. ਐੱਚ. ਬੀ. ਕੰਮ ਕਰਰਹੇ ਹਨ। ਪੱਕੇ ਕਰਮਚਾਰੀ ਅਤੇ ਸੀ. ਐੱਚ. ਬੀ. ਨੂੰ ਮਿਲਾ ਕੇ ਵੀ ਟੈਕਨੀਕਲ ਸਟਾਫ਼ ਦੇ ਖਾਲੀ ਅਹੁਦਿਆਂ ਦੀ ਪੂਰਤੀ ਨਹੀਂ ਹੁੰਦੀ। ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਤਾਂ ਕਿ ਸਮੱਸਿਆ ਦਾ ਹੱਲ ਹੋ ਸਕੇ ਪਰ ਸਾਲਾਂ ਤੋਂ ਚਲੀ ਆ ਰਹੀ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ ਅਤੇ ਦਿਨੋ-ਦਿਨ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਖ਼ਪਤਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਸਟਾਫ਼ ਦੀ ਸ਼ਾਰਟੇਜ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।