ਲੁਧਿਆਣਾ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਮਾਤ 12ਵੀਂ ’ਚ ਹਿਊਮੈਨਿਟੀਜ਼ ਵਿਸ਼ੇ ਅਰਥ ਸ਼ਾਸਤਰ, ਭੂਗੋਲ, ਇਤਿਹਾਸ ਤੇ ਰਾਜਨੀਤੀ ਸ਼ਾਸਤਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਟੱਡੀ ਮਟੀਰੀਅਲ ਮੁਹੱਈਆ ਕਰਵਾਉਣ ਲਈ ਹਰ ਵਿਦਿਆਰਥੀ 30 ਰੁਪਏ ਪ੍ਰਤੀ ਸਬਜੈਕਟ ਦੇ ਹਿਸਾਬ ਨਾਲ 184581 ਵਿਦਿਆਰਥੀਆਂ ਲਈ 55.37 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਵਿਭਾਗ ਵੱਲੋਂ ਇਸ ਸਬੰਧੀ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ‘ਸਮੱਗਰ ਸਿੱਖਿਆ’ ਮੁਹਿੰਮ ਤਹਿਤ ਸਾਲ 2023-24 ਲਈ 12ਵੀਂ ਜਮਾਤ ’ਚ ਹਿਊਮੈਨਿਟੀਜ਼ ਵਿਸ਼ੇ ਅਰਥ ਸ਼ਾਸਤਰ, ਭੂਗੋਲ, ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਨੂੰ ਮਿਸ਼ਨ 100 ਫ਼ੀਸਦੀ ਦੇ ਮੱਦੇਨਜ਼ਰ ਰੱਖਦੇ ਹੋਏ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਇਹ ਰਾਸ਼ੀ ਜਾਰੀ ਕੀਤੀ ਗਈ ਹੈ ਕਿਉਂਕਿ ਇਸ ਸਮੇਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਰਵੀਜ਼ਨ ਕਰਵਾਉਣ ਦੀ ਬਹੁਤ ਲੋੜ ਹੈ। ਇਸ ਲਈ 12ਵੀਂ ਜਮਾਤ ’ਚ ਉਕਤ ਹਿਊਮੈਨਿਟੀਜ਼ ਵਿਸ਼ੇ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਿੰਪਲੀਫਾਈਡ ਸਟੱਡੀ ਮਟੀਰੀਅਲ ਅਤੇ ਅਸਾਈਨਮੈਂਟ ਦੇਣ ਲਈ ਸਕੂਲ ਮੁਖੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਫੰਡ ਜਾਰੀ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇਸ ਦਾ ਲਾਭ ਹੋ ਸਕੇ। ਇਹ ਫੰਡ ਹਿਊਮੈਨਿਟੀਜ਼ ਵਿਸ਼ੇ ਦੀ ਵਰਕਸ਼ੀਟ, ਪ੍ਰੀ-ਬੋਰਡ ਪ੍ਰੀਖਿਆ ਦੇ ਪ੍ਰਸ਼ਨ-ਪੱਤਰ, ਰਵੀਜ਼ਨ ਸ਼ੀਟਸ, ਪ੍ਰਿੰਟ ਮਟੀਰੀਅਲ, ਸਿੰਪਲਾਫਾਈਡ ਅਸਾਈਨਮੈਂਟ ਆਦਿ ਲਈ ਖ਼ਰਚ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਦੁਹਰਾਈ ਕਰ ਸਕਣ।