ਘਰ ਖਰੀਦਣ ਤੋਂ ਪਹਿਲਾਂ ਹਰ ਕੋਈ ਇਹ ਪਤਾ ਕਰਨਾ ਚਾਹੁੰਦਾ ਹੈ ਕਿ ਸਬੰਧਤ ਪ੍ਰਾਪਰਟੀ ‘ਤੇ ਕੋਈ ਝਗੜਾ ਤਾਂ ਨਹੀਂ ਹੈ ਪਰ ਲੋਕਾਂ ਨੂੰ ਪ੍ਰਾਪਰਟੀ ਦੀ ਫਾਈਲ ਦੀ ਜਾਂਚ ਕਰਨ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਪ੍ਰਾਪਰਟੀ ਦੀ ਫਾਈਲ ਇੰਸਪੈਕਸ਼ਨ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ। ਹੁਣ ਜੇਕਰ ਸਬੰਧਤ ਅਧਿਕਾਰੀ ਕਿਸੇ ਕਾਰਨ ਦਫ਼ਤਰ ਵਿਚ ਉਪਲੱਬਧ ਨਹੀਂ ਹੁੰਦਾ ਹੈ ਤਾਂ ਚੀਫ਼ ਲਾਇਜਨਿੰਗ ਅਫ਼ਸਰ ਤੋਂ ਪ੍ਰਾਪਰਟੀ ਦੀ ਫਾਈਲ ਦੀ ਇੰਸਪੈਕਸ਼ਨ ਲਈ ਅਰਜ਼ੀ ਨੂੰ ਮਾਰਕ ਕਰਵਾਇਆ ਜਾ ਸਕੇਗਾ। ਪਹਿਲਾਂ ਅਕਾਊਂਟਸ ਅਫ਼ਸਰ ਦੇ ਲਿੰਕ ਅਧਿਕਾਰੀ ਕੋਲ ਇਹ ਜ਼ਿੰਮੇਵਾਰੀ ਹੁੰਦੀ ਸੀ ਤਾਂ ਉਹ ਇਸ ਲਈ ਛੇਤੀ ਤਿਆਰ ਨਹੀਂ ਹੁੰਦੇ ਸੀ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਵਲੋਂ ਇਸ ਸਬੰਧੀ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ ਹਨ।
ਨਿਰਦੇਸ਼ਾਂ ਤਹਿਤ ਅਲਾਟੀ ਅਧਿਕਾਰਤ ਵਕੀਲ ਰਾਹੀਂ ਫਾਈਲ ਦੀ ਇੰਸਪੈਕਸ਼ਨ ਲਈ ਆਪਣੇ ਲੈਟਰ ਪੈਡ ‘ਤੇ ਅਰਜ਼ੀ ਦੇ ਸਕਦਾ ਹੈ, ਜਿਸ ਨੂੰ ਸਬੰਧਤ ਐਕਾਉਂਟਸ ਅਫ਼ਸਰ ਵਲੋਂ ਰਿਕਾਰਡ ਰੂਮ ਮੈਨੇਜਰ ਨੂੰ ਮਾਰਕ ਕੀਤਾ ਜਾਵੇਗਾ। ਵਰਕਿੰਗ ਡੇਅ ‘ਤੇ ਸਵੇਰੇ 11 ਤੋਂ 12 ਵਜੇ ਤਕ ਇੰਸਪੈਕਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਇੰਸਪੈਕਸ਼ਨ ਲਈ ਅਰਜ਼ੀ ਦੇ ਨਾਲ ਮੌਜੂਦਾ ਅਲਾਟੀ ਅਤੇ ਮਾਲਕ ਦਾ ਅਥਾਰਟੀ ਲੈਟਰ ਵੀ ਹੋਣਾ ਚਾਹੀਦਾ ਹੈ, ਜਿਸ ਨੂੰ ਬਲਿਊ ਪੈੱਨ ਨਾਲ ਸਾਈਨ ਕੀਤਾ ਹੋਇਆ ਹੋਵੇ। ਫਾਈਲ ਇੰਸਪੈਕਸ਼ਨ ਦੀ ਅਰਜ਼ੀ ਲਈ ਸਿਰਫ਼ ਇਕ ਹੀ ਵਕੀਲ ਜਾਂ ਵਿਅਕਤੀ ਨੂੰ ਰਿਕਾਰਡ ਰੂਮ ‘ਚ ਐਂਟਰੀ ਦੀ ਇਜਾਜ਼ਤ ਦਿੱਤੀ ਗਈ ਹੈ।