ਖਾਲਿਸਤਾਨ ਪੱਖੀ ਸਿੱਖ ਲੀਡਰਾਂ ਨੇ ਇਲਜ਼ਾਮ ਲਾਇਆ ਹੈ ਕਿ ਭਾਰਤੀ ਹਕੂਮਤ ਵੱਲੋਂ ਮਿੱਥ ਕੇ ਵਿਦੇਸ਼ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾਏ ਜਾ ਰਹੇ ਹਨ। ਇਹ ਦਾਅਵਾ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸਿੱਖ ਲੀਡਰਾਂ ਨੇ ਕੀਤਾ। ਇਸ ਦੇ ਨਾਲ ਹੀ ਹਵਾਰਾ ਕਮੇਟੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹ ਜਲਾਵਤਨੀ ਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ।
ਇਸ ਅਰਦਾਸ ਸਮਾਗਮ ਵਿੱਚ ਹਵਾਰਾ ਕਮੇਟੀ ਦੇ ਮੁਖੀ ਪ੍ਰੋਫ਼ੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਦਿਲਬਾਗ ਸਿੰਘ ਸੁਲਤਾਨਵਿੰਡ, ਪੰਜ ਪਿਆਰਿਆਂ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਭੋਮਾ, ਬੇਅੰਤ ਸਿੰਘ ਖਿਆਲਾ, ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਸੁਖਵੰਤ ਸਿੰਘ ਬਿੱਟੂ, ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਹਰੀ ਸਿੰਘ ਖ਼ਾਲਸਾ ਤੇ ਯੋਧੇ ਵੀਰ ਖ਼ਾਲਸਾ ਗਤਕਾ ਅਖਾੜਾ ਦੇ ਪਾਰਸ ਸਿੰਘ ਖ਼ਾਲਸਾ ਸ਼ਾਮਲ ਸਨ।
ਸਿੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਪੰਥਕ ਜਥੇਬੰਦੀਆਂ ਵੱਲੋਂ ਇੰਗਲੈਂਡ, ਜਰਮਨ, ਫਰਾਂਸ, ਬੈਲਜੀਅਮ, ਹਾਲੈਂਡ ਤੇ ਸਵਿਟਜ਼ਰਲੈਂਡ ਵਿਚ ਵੀ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1978 ਤੋਂ ਚੱਲੇ ਸੰਘਰਸ਼ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਮੇਤ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਤੇ ਹਰਦੀਪ ਸਿੰਘ ਨਿੱਝਰ ਨੂੰ ਵੀ ਯਾਦ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਹਕੂਮਤ ਵੱਲੋਂ ਮਿੱਥ ਕੇ ਵਿਦੇਸ਼ ਵਿਚ ਸਿੱਖ ਆਗੂਆਂ ਦੇ ਕਤਲ ਕਰਵਾਏ ਜਾ ਰਹੇ ਹਨ। ਇਸ ਮੌਕੇ ਜਲਾਵਤਨੀ ਸਿੱਖਾਂ ਵਧਾਵਾ ਸਿੰਘ ਬੱਬਰ, ਮਹਿਲ ਸਿੰਘ ਬੱਬਰ, ਗਜਿੰਦਰ ਸਿੰਘ ਦਲ ਖਾਲਸਾ ਸਮੇਤ ਹੋਰਨਾਂ ਦੀ ਚੜ੍ਹਦੀ ਕਲਾ, ਸੁਰੱਖਿਆ ਤੇ ਸਿਹਤਯਾਬੀ ਸਮੇਤ ਵੱਖ ਵੱਖ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।