ਅੱਜ ਦੇ ਸਮੇਂ ਵਿੱਚ ਬਿਜਲੀ ਦੀ ਬਹੁਤ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇਸ਼ ਭਰ ਵਿੱਚ 24 ਘੰਟੇ ਬਿਜਲੀ ਯਕੀਨੀ ਬਣਾਉਣ ਲਈ ਮਾਰਚ 2025 ਦੀ ਸਮਾਂ ਸੀਮਾ ਤੈਅ ਕਰਨ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਿਛਲੇ ਦਹਾਕੇ ਵਿੱਚ ਆਪਣੀਆਂ ਦੋ ਪ੍ਰਮੁੱਖ ਯੋਜਨਾਵਾਂ ਰਾਹੀਂ ਸਾਰੇ ਘਰਾਂ ਨੂੰ ਜੋੜਨ ਤੋਂ ਬਾਅਦ ਵਿੱਤੀ ਸਾਲ 2025 ਦੇ ਅੰਤ ਤੱਕ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ।
ਸੂਤਰਾਂ ਨੇ ਕਿਹਾ ਕਿ ਜੇਕਰ ਭਾਜਪਾ ਆਮ ਚੋਣਾਂ ਤੋਂ ਬਾਅਦ ਸੱਤਾ ‘ਚ ਵਾਪਸੀ ਕਰਦੀ ਹੈ ਤਾਂ ਇਹ ਪ੍ਰੋਗਰਾਮ ਵੀ ਉਸ ਦੇ ‘ਲਗਾਤਾਰ ਸੁਧਾਰਾਂ’ ਦੀ ਯੋਜਨਾ ਦਾ ਹਿੱਸਾ ਹੋਵੇਗਾ। ਸ਼ਹਿਰਾਂ ਅਤੇ ਪਿੰਡਾਂ ਵਿਚ ਬਿਜਲੀ ਸਪਲਾਈ ਦੇ ਔਸਤ ਘੰਟਿਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਹਰ ਕਿਸੇ ਨੂੰ ਬਿਜਲੀ ਗਰਿੱਡ ਨਾਲ ਜੋੜਨ ਤੋਂ ਬਾਅਦ ਅਗਲਾ ਕਦਮ 24 ਘੰਟੇ ਬਿਜਲੀ ਯਕੀਨੀ ਬਣਾਉਣਾ ਹੈ। ਬਿਜਲੀ ਮੰਤਰਾਲੇ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਰੋਜ਼ਾਨਾ ਔਸਤਨ 23.5 ਘੰਟੇ ਅਤੇ ਪੇਂਡੂ ਖੇਤਰਾਂ ਵਿੱਚ ਰੋਜ਼ਾਨਾ ਔਸਤਨ 20.5 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।ਸਾਲ 2023-24 ਵਿੱਚ ਗਰਮੀਆਂ ਦੇ ਮਹੀਨਿਆਂ ਦੌਰਾਨ ਦੇਸ਼ ਵਿੱਚ ਬਿਜਲੀ ਦੀ ਮੰਗ ਨੇ 240 ਗੀਗਾਵਾਟ ਦੇ ਅੰਕੜੇ ਨੂੰ ਪਾਰ ਕਰ ਲਿਆ ਸੀ। ਬਿਜਲੀ ਮੰਤਰਾਲੇ ਦਾ ਅਨੁਮਾਨ ਹੈ ਕਿ ਅਗਲੇ ਵਿੱਤੀ ਸਾਲ ‘ਚ ਬਿਜਲੀ ਦੀ ਮੰਗ 250 ਗੀਗਾਵਾਟ ਤੱਕ ਪਹੁੰਚ ਜਾਵੇਗੀ। ਮਾਹਿਰਾਂ ਮੁਤਾਬਕ ਸ਼ਹਿਰੀ ਮੰਗ ਨੂੰ ਪੂਰਾ ਕਰਨਾ ਆਸਾਨ ਹੈ ਅਤੇ ਸਰਕਾਰੀ ਜਾਂ ਪ੍ਰਾਈਵੇਟ ਡਿਸਕਾਮ ਲਈ ਸ਼ਹਿਰਾਂ ਦੀ ਤਰਜੀਹ ਬਣੀ ਰਹਿੰਦੀ ਹੈ।