ਬੁੱਢਾ ਦਰਿਆ ਦਾ ਪ੍ਰਦੂਸ਼ਣ ਜਿੱਥੇ ਸੂਬੇ ਦੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ
ਬੁੱਢਾ ਦਰਿਆ ਦਾ ਪ੍ਰਦੂਸ਼ਣ ਜਿੱਥੇ ਸੂਬੇ ਦੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ, ਉੱਥੇ ਹੀ ਹੁਣ ਪੰਜਾਬ ਦੇ ਨਾਲ ਲੱਗਦੇ ਸੂਬੇ ਵੀ ਇਸ ਤੋਂ ਪਰੇਸ਼ਾਨ ਹਨ। ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਸਥਿਤ ਗੰਗਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਇੱਕ ਪ੍ਰਦੂਸ਼ਣ ਰੋਕਥਾਮ ਕਮੇਟੀ ਵੱਲੋਂ ਨਗਰ ਨਿਗਮ ਲੁਧਿਆਣਾ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਰਾਜਸਥਾਨ ਦੇ ਲਗਭਗ 15 ਜ਼ਿਲ੍ਹਿਆਂ ਨੂੰ ਫਿਰੋਜ਼ਪੁਰ (ਪੰਜਾਬ) ਵਿਖੇ ਸਥਿਤ ਹਰੀਕੇ ਬੈਰਾਜ ਦੀਆਂ ਨਹਿਰਾਂ ਤੋਂ ਪਾਣੀ ਸਪਲਾਈ ਕੀਤਾ ਜਾਂਦਾ ਹੈ। ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਇਸ ਨਦੀ ਵਿੱਚ ਰਲ਼ ਜਾਂਦਾ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕ ਕੈਂਸਰ ਅਤੇ ਹੋਰ ਘਾਤਕ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ।
ਸੰਸਥਾ ਨੇ ਪਾਣੀ ਦੀ ਇਕ ਜਾਂਚ ਰਿਪੋਰਟ ਵੀ ਨਾਲ ਨੱਥੀ ਕੀਤੀ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਪਾਣੀ ਵਿੱਚ ਐਲੂਮੀਨੀਅਮ ਨਿਰਧਾਰਤ ਮਾਪਦੰਡਾਂ ਤੋਂ 136 ਗੁਣਾ ਵੱਧ ਹੈ। ਗੰਦਗੀ 44 ਗੁਣਾ ਤੇ ਲੋਹਾ 5 ਗੁਣਾ ਜ਼ਿਆਦਾ ਹੈ। ਇਸ ਤੋਂ ਇਲਾਵਾ ਨਿੱਕਲ ਅਤੇ ਮੈਗਨੀਜ਼ ਵਰਗੀਆਂ ਖਤਰਨਾਕ ਧਾਤਾਂ ਵੀ ਪਾਣੀ ’ਚ ਰਲ਼ੀਆਂ ਹਨ। ਸੰਸਥਾ ਮੁਤਾਬਕ 3 ਡਾਕਟਰਾਂ ਦੇ ਪੈਨਲ ਨੇ ਇਸ ਪੀਣ ਵਾਲੇ ਪਾਣੀ ਨੂੰ ਹੌਲੀ ਜ਼ਹਿਰ ਦੱਸਿਆ ਹੈ।
ਇਸ ਤੱਥ ਤੋਂ ਸਪੱਸ਼ਟ ਹੈ ਕਿ ਬਠਿੰਡਾ (ਪੰਜਾਬ) ਤੋਂ ਲਾਲਗੜ੍ਹ, ਬੀਕਾਨੇਰ (ਰਾਜਸਥਾਨ) ਟਰੇਨ ਨੰਬਰ 4701 ਨੂੰ ਕੈਂਸਰ ਟਰੇਨ ਕਿਹਾ ਜਾਂਦਾ ਹੈ, ਜਿਸ ਕਾਰਨ ਲੋਕਾਂ ਅਤੇ ਜਾਨਵਰਾਂ ਦੀ ਜਾਨ ਨੂੰ ਵੱਡਾ ਖਤਰਾ ਹੈ। ਕਮੇਟੀ ਨੇ ਆਪਣੀ ਸ਼ਿਕਾਇਤ ਵਿੱਚ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਗਊਘਾਟ ਵਿਖੇ ਸਥਿਤ ਐਸਟੀਪੀ ਨਾਲ ਸਬੰਧਤ ਪੰਪਿੰਗ ਸਟੇਸ਼ਨ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਕੈਮੀਕਲ ਵਾਲੇ ਪਾਣੀ ਨੂੰ ਬੁੱਢਾ ਦਰਿਆ ’ਚੋਂ ਡਿਸਪੋਜ਼ ਹੋਣ ਤੋਂ ਰੋਕਿਆ ਜਾ ਸਕੇ।
ਸੰਸਥਾ ਦੇ ਆਗੂ ਦਲੀਪ ਜਾਖੜ ਨੇ ਸ਼ਿਕਾਇਤ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਤਾ ਲੱਗਾ ਹੈ ਕਿ ਗਊਘਾਟ ਪੰਪਿੰਗ ਸਟੇਸ਼ਨ ਦਾ ਮੁੱਦਾ ਲੁਧਿਆਣਾ ਅਦਾਲਤ ਵਿਖੇ ਸਟੇਅ ਲੱਗਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਅਦਾਲਤ ਦੀ ਅਗਲੀ ਤਰੀਕ ’ਤੇ ਅਦਾਲਤ ਨੂੰ ਸਾਡੀ ਸਮੱਸਿਆਵਾਂ ਨਾਲ ਜਾਣੂ ਕਰਵਾਇਆ ਜਾਵੇ ਅਤੇ ਨਿਗਮ ਕਮਿਸ਼ਨਰ ਲੁਧਿਆਣਾ ਅਤੇ ਕੋਰਟ ਵੱਲੋਂ ਇਸ ਸਬੰਧੀ ਸਾਡੀ ਸੰਸਥਾ ਨੂੰ ਅਦਾਲਤ ਵਿੱਚ ਹਾਜ਼ਰ ਹੋਣਾ ਪੈਂਦਾ ਹੈ ਤਾਂ ਅਸੀਂ ਹਾਜ਼ਰ ਹੋ ਜਾਵਾਂਗੇ।