ਆਪ ਸਾਂਸਦ ਰਾਘਵ ਚੱਢਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ
ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਬਜਟ 2024 ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸਰਕਾਰਾਂ ਨੇ ਟੈਕਸ ਲਗਾ ਕੇ ਦੇਸ਼ ਦੇ ਆਮ ਆਦਮੀ ਦਾ ਖੂਨ ਚੂਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸੀਂ ਸੋਮਾਲੀਆ ਵਰਗੀਆਂ ਸੇਵਾਵਾਂ ਲੈਣ ਲਈ ਇੰਗਲੈਂਡ ਵਾਂਗ ਟੈਕਸ ਅਦਾ ਕਰਦੇ ਹਾਂ।
ਕੇਂਦਰ ਸਰਕਾਰ ‘ਤੇ ਹਮਲਾ ਕਰਦੇ ਹੋਏ ਆਪ ਸਾਂਸਦ ਨੇ ਕਿਹਾ, ‘ਜੇ ਤੁਸੀਂ 10 ਰੁਪਏ ਕਮਾਉਂਦੇ ਹੋ ਤਾਂ ਤੁਸੀਂ ਉਸ ਦੇ ਤਿੰਨ ਤੋਂ ਸਾਢੇ ਤਿੰਨ ਰੁਪਏ ਇਨਕਮ ਟੈਕਸ ਰਾਹੀਂ ਦਿੰਦੇ ਹੋ।’ ਦੋ ਰੁਪਏ ਢਾਈ ਰੁਪਏ ਦਾ ਜੀ.ਐਸ.ਟੀ ਲਿਆ ਜਾਂਦਾ ਹੈ। 2 ਰੁਪਏ ਦਾ ਕੈਪੀਟਲ ਗੇਨ ਟੈਕਸ ਲਿਆ ਜਾਂਦਾ ਹੈ। ਡੇਢ ਰੁਪਏ ਦਾ ਸੈੱਸ ਸਰਚਾਰਜ ਲਗਾਇਆ ਜਾਂਦਾ ਹੈ।
ਆਮ ਆਦਮੀ ਨੂੰ ਕੀ ਮਿਲਦਾ ਹੈ – ਰਾਘਵ ਚੱਢਾ
ਉਨ੍ਹਾਂ ਅੱਗੇ ਕਿਹਾ, ”10 ਰੁਪਏ ‘ਚੋਂ 7 ਜਾਂ 8 ਰੁਪਏ ਸਰਕਾਰੀ ਖਜ਼ਾਨੇ ‘ਚ ਜਾਂਦੇ ਹਨ ਤਾਂ ਆਮ ਆਦਮੀ ਨੂੰ ਕੀ ਮਿਲਦਾ ਹੈ? ਸਰਕਾਰ ਸਾਡੇ ਤੋਂ ਲਏ ਟੈਕਸ ਦੇ ਬਦਲੇ ਸਾਨੂੰ ਕੀ ਦਿੰਦੀ ਹੈ? ਕਿਹੜੀਆਂ ਅੰਤਰਰਾਸ਼ਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ? ਕੀ ਸਰਕਾਰ ਵਿਸ਼ਵ ਪੱਧਰੀ ਸਿਹਤ ਸੰਭਾਲ, ਸਿੱਖਿਆ, ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਦੀ ਹੈ? ਅੱਜ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਅਸੀਂ ਸੋਮਾਲੀਆ ਵਰਗੀਆਂ ਸੇਵਾਵਾਂ ਲੈਣ ਲਈ ਇੰਗਲੈਂਡ ਵਾਂਗ ਟੈਕਸ ਅਦਾ ਕਰਦੇ ਹਾਂ।