18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਪੰਜਵਾਂ ਦਿਨ ਵੀ ਹੰਗਾਮੇਦਾਰ ਰਿਹਾ ਹੈ।
ਅੱਜ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਪੰਜਵਾਂ ਦਿਨ ਰਿਹਾ ਹੈ। ਅੱਜ ਦਾ ਦਿਨ ਰਾਜ ਸਭਾ ਅਤੇ ਲੋਕ ਸਭਾ ਵਿੱਚ ਹੰਗਾਮੇਦਾਰ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ NEET ਦਾ ਮੁੱਦਾ ਚੁੱਕਿਆ।
ਹੰਗਾਮਾ ਹੋਣ ਤੋਂ ਬਾਅਦ ਦੋਹਾਂ ਸਦਨਾਂ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਜੁਲਾਈ ਨੂੰ ਇਸ ਦਾ ਜਵਾਬ ਦੇਣ ਦੀ ਉਮੀਦ ਹੈ।
ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਰਾਜ ਸਭਾ ਵਿੱਚ ਪ੍ਰਸਤਾਵ ਪੇਸ਼ ਕਰਨਗੇ ਅਤੇ ਪ੍ਰਧਾਨ ਮੰਤਰੀ 3 ਜੁਲਾਈ ਨੂੰ ਉਪਰਲੇ ਸਦਨ ਵਿੱਚ ਬਹਿਸ ਦਾ ਜਵਾਬ ਦੇ ਸਕਦੇ ਹਨ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ NEET ਦਾ ਮੁੱਦਾ ਚੁੱਕਿਆ
ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ NEET ਦਾ ਮੁੱਦਾ ਉਠਾਇਆ ਅਤੇ ਵਿਰੋਧੀ ਸੰਸਦ ਮੈਂਬਰਾਂ ਨਾਲ ਇਸ ਮਾਮਲੇ ‘ਤੇ ਚਰਚਾ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਪ੍ਰਸਤਾਵ ‘ਤੇ ਪਹਿਲਾਂ ਚਰਚਾ ਕੀਤੀ ਜਾਵੇ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਸਰਕਾਰ ਦੀ ਤਰਫੋਂ ਅਸੀਂ ਭਾਰਤ ਦੇ ਵਿਦਿਆਰਥੀਆਂ ਨੂੰ ਸਾਂਝਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਅਹਿਮ ਮੁੱਦਾ ਮੰਨਦੇ ਹਾਂ। ਇਸ ਲਈ, ਅਸੀਂ ਸੋਚਿਆ ਕਿ ਵਿਦਿਆਰਥੀਆਂ ਨੂੰ ਸਨਮਾਨਿਤ
ਕਰਨ ਲਈ ਅਸੀਂ ਅੱਜ NEET ਬਾਰੇ ਚਰਚਾ ਕਰਾਂਗੇ।
ਆਪ ਦੇ ਆਗੂਆਂ ਨੇ ਸੰਸਦ ਕੰਪਲੈਕਸ ਵਿੱਚ ਕੀਤਾ ਰੋਸ ਪ੍ਰਦਰਸ਼ਨ
ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਕੇਂਦਰ ਵੱਲੋਂ ਈਡੀ, ਸੀਬੀਆਈ ਦੀ ਕਥਿਤ ‘ਦੁਰਵਰਤੋਂ’ ਨੂੰ ਲੈ ਕੇ ਸੰਸਦ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ।
‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦੇ ਕਾਨੂੰਨ, ਸੰਵਿਧਾਨ ਅਤੇ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਹੈ। ਜਿਸ ਤਰ੍ਹਾਂ ਮੋਦੀ ਦੀ ਈਡੀ ਨੇ ਅਰਵਿੰਦ ਕੇਜਰੀਵਾਲ ਦੇ ਮਾਮਲੇ ‘ਚ ਹਾਈਕੋਰਟ ਤੋਂ ਸਟੇਅ ਹਾਸਲ ਕਰ ਲਿਆ ਹੈ।
ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਫਰਜ਼ੀ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਸੀਂ ਮੰਗ ਕਰ ਰਹੇ ਹਾਂ ਕਿ ਜਾਂਚ ਏਜੰਸੀਆਂ ਦੀ ਦੁਰਵਰਤੋਂ ਬੰਦ ਕੀਤੀ ਜਾਵੇ।
‘ਆਪ’ ਸਾਂਸਦ ਨੇ ਕਿਹਾ- NEET ‘ਚ ਬੇਨਿਯਮੀਆਂ ਲਈ NTA, ਕੇਂਦਰੀ ਸਿੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਜ਼ਿੰਮੇਵਾਰ
‘ਆਪ’ ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ NEET ‘ਚ ਜੋ ਹੋਇਆ ਉਹ ਬਹੁਤ ਮੰਦਭਾਗਾ ਹੈ। ਇਸ ਦੇ ਦੋ ਪਹਿਲੂ ਹਨ- ਪਹਿਲਾ, ਪੇਪਰ ਲੀਕ ਅਤੇ ਦੂਜਾ, ਮਾਰਕਿੰਗ ਵਿੱਚ ਬੇਨਿਯਮੀਆਂ ਅਤੇ ਸੰਸਥਾਗਤ ਧੋਖਾਧੜੀ। ਇੱਕ ਵਿਅਕਤੀ ਨੂੰ ਫੜਨਾ ਕਾਫ਼ੀ ਨਹੀਂ ਹੋਵੇਗਾ। ਐਨਟੀਏ, ਕੇਂਦਰੀ ਸਿੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਇਸ ਲਈ ਜ਼ਿੰਮੇਵਾਰ ਹਨ।