ਗ੍ਰੰਥੀ ਸਿੰਘਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਸੇਵਾ ਸਾਲ ਸੰਭਾਲ ਦਾ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁਰਾਤਨ ਮਰਿਆਦਾ ਅਨੁਸਾਰ ਹੋਵੇਗਾ ਜਿਸ ਦੀ ਤਾਰੀਕ ਵੀ ਤੈਅ ਹੋਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ ਹੋ ਗਈ ਹੈ। ਇਹ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਚ ਚੱਲ ਰਹੀ ਹੈ। ਇਸ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ‘ਤੇ ਵੀ ਮੋਹਰ ਲੱਗੇਗੀ। ਦੋ ਨਵੇਂ ਗ੍ਰੰਥੀ ਸਿੰਘਾਂ ਲਈ ਪਹਿਲੀ ਜੁਲਾਈ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਬ ਕਮੇਟੀ ਦੇ ਮੈਂਬਰਾਂ ਨੇ ਨਵੇਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਤਕਰੀਬਨ 40 ਉਮੀਦਵਾਰਾਂ ਦਾ ਟੈਸਟ ਲਿਆ ਸੀ। ਇਨ੍ਹਾਂ ਵਿਚੋਂ ਦੋ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦੇ ਨਾਵਾਂ ‘ਤੇ ਅੰਤ੍ਰਿੰਗ ਕਮੇਟੀ ਵੱਲੋਂ ਮੋਹਰ ਲਗਾਈ ਜਾਵੇਗੀ।
ਗ੍ਰੰਥੀ ਸਿੰਘਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਸੇਵਾ ਸਾਲ ਸੰਭਾਲ ਦਾ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁਰਾਤਨ ਮਰਿਆਦਾ ਅਨੁਸਾਰ ਹੋਵੇਗਾ ਜਿਸ ਦੀ ਤਾਰੀਕ ਵੀ ਤੈਅ ਹੋਵੇਗੀ। ਇਸ ਤੋਂ ਬਾਅਦ ਦੋ ਨਵੇਂ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਆਰੰਭ ਕਰਨਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸੈਕਸ਼ਨ 85 ਤੇ 87 ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਤੇ ਆ ਰਹੇ ਸ਼ਤਾਬਦੀ ਸਮਾਗਮਾਂ ਸੰਬੰਧੀ ਅਹਿਮ ਫੈਸਲੇ ਕੀਤੇ ਜਾਣਗੇ।