ਖੰਨਾ ਵਿੱਚ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਐੱਮਐੱਸਪੀ ਉੱਤੇ ਖਰੀਦਣ ਲਈ ਸੂਬਾ ਸਰਕਾਰ ਬਜਿੱਦ ਹੈ
ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ। ਇੱਥੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਗਈ ਅਤੇ ਸਬਜ਼ੀ ਮੰਡੀ ਵਿਖੇ ਬੂਟੇ ਲਗਾਏ ਗਏ। ਚੇਅਰਮੈਨ ਨੇ ਕਿਹਾ ਕਿ ਇਸ ਸਾਲ ਮੰਡੀਕਰਨ ਬੋਰਡ ਦਾ ਟੀਚਾ 35 ਹਜ਼ਾਰ ਬੂਟੇ ਲਗਾਉਣ ਦਾ ਹੈ। ਇਸ ਦੇ ਲਈ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਆਪਣੀਆਂ ਦੁਕਾਨਾਂ ਬਾਹਰ ਬੂਟੇ ਲਾਉਣ ਦੀ ਅਪੀਲ ਕੀਤੀ ਗਈ। ਮੰਡੀਕਰਨ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੂਟੇ ਲਾਉਣ ਲਈ ਕਿਹਾ ਗਿਆ।
ਸਮੱਸਿਆ ਦਾ ਹੱਲ: ਖੰਨਾ ਮੰਡੀ ਦੇ ਵਿਸਥਾਰ ਨੂੰ ਲੈਕੇ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਰੱਖੀਆਂ। ਜਿਸ ਉੱਪਰ ਚੇਅਰਮੈਨ ਨੇ ਕਿਹਾ ਕਿ ਆੜ੍ਹਤੀਆਂ ਦੀ ਮੰਗ ਅਨੁਸਾਰ ਮੰਡੀ ਦਾ ਖੇਤਰ ਵਧਾਉਣ ਲਈ ਜ਼ਮੀਨ ਲਈ ਜਾਵੇਗੀ ਅਤੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸਦੇ ਨਾਲ ਹੀ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਜੇਕਰ ਰਾਹੌਣ ਮੰਡੀ ਦੇ ਨਾਲ ਲੱਗਦੀ ਕਰੀਬ 20 ਏਕੜ ਜ਼ਮੀਨ ਸਰਕਾਰ ਐਕਵਾਇਰ ਕਰ ਲਵੇ ਤਾਂ ਆਉਣ ਵਾਲੇ ਸਮੇਂ ਵਿੱਚ ਆੜ੍ਹਤੀ ਅਤੇ ਕਿਸਾਨ ਸੁਖੀ ਰਹਿਣਗੇ ਅਤੇ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਵੇਗੀ।
ਵਿਸ਼ੇਸ਼ ਪੈਕੇਜ ਨਹੀਂ ਦਿੱਤਾ: ਸੂਬੇ ਅੰਦਰ ਐੱਮਐੱਸਪੀ ਉਪਰ ਮੂੰਗੀ ਦੀ ਖਰੀਦ ਨਾ ਹੋਣ ਉੱਤੇ ਚੇਅਰਮੈਨ ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਫੰਡ ਰੋਕੇ ਹੋਏ ਹਨ। ਜਿਸ ਕਰਕੇ ਪੰਜਾਬ ਸਰਕਾਰ ਦੀ ਮਜਬੂਰੀ ਬਣ ਗਈ ਕਿ ਕਿਸਾਨਾਂ ਨੂੰ ਐੱਮਐੱਸਪੀ ਉਪਰ ਫਸਲ ਦੇ ਭਾਅ ਦਿਵਾਉਣ ਵਿੱਚ ਮੁਸ਼ਕਲ ਆ ਰਹੀ ਹੈ। ਕੇਂਦਰ ਸਰਕਾਰ ਨੇ ਤਾਂ ਹੜ੍ਹਾਂ ਮੌਕੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ। ਫਿਰ ਵੀ ਕਿਸਾਨਾਂ ਨੂੰ ਹੌਸਲਾ ਦਿੱਤਾ ਜਾਵੇਗਾ ਕਿ ਉਹ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਖੇਤੀ ਕਰਨ, ਸਰਕਾਰ ਓਹਨਾਂ ਦਾ ਹੱਲ ਕਰਨ ਵਿਚ ਲੱਗੀ ਹੋਈ ਹੈ। ਚੇਅਰਮੈਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਛੇਤੀ ਕੋਈ ਹੱਲ ਕੱਢਣਗੇ। ਮੰਡੀਬੋਰਡ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਨੂੰ ਲੈਕੇ ਚੇਅਰਮੈਨ ਬੋਲੇ ਕਿ ਕੇਂਦਰ ਵੱਲੋਂ ਰੂਰਲ਼ ਡਿਵੈਲਪਮੈਂਟ ਫੰਡ ਰੋਕੇ ਹੋਏ ਹਨ। ਜਿਸ ਨੂੰ ਲੈਕੇ ਕਾਨੂੰਨੀ ਲੜਾਈ ਜਾਰੀ ਹੈ ਅਤੇ ਅਗਸਤ ਵਿੱਚ ਤਰੀਕ ਹੈ ਪਰ ਹੁਣ ਨਬਾਰਡ ਤੋਂ ਪੈਸੇ ਲੈਕੇ ਮੰਡੀਕਰਨ ਬੋਰਡ ਵਿਕਾਸ ਕਰਵਾਏਗਾ। ਅਗਲੇ ਮਹੀਨੇ ਤੋਂ ਸੜਕਾਂ ਦੀ ਰਿਪੇਅਰ ਹੋਵੇਗੀ।