ਅਕਾਲੀ ਦਲ ਦੀ ਲੀਡਰਸ਼ਿਪ ਨੇ ਬਾਗੀ ਅਕਾਲੀ ਆਗੂਆਂ ਨੂੰ ਸਬਕ ਸਿਖਾਉਣ ਲਈ ਜਲੰਧਰ ਤੋ ਬਸਪਾ ਦੇ ਉਮੀਦਵਾਰ ਦਾ ਸਰਮਥਨ ਕਰਨ ਦਾ ਫੈਸਲਾ ਕੀਤਾ ਹੈ
ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਕਾਟੋ-ਕਲੇਸ਼ ਦਾ ਅਸਰ ਜਲੰਧਰ ਪੱਛਮੀ ਉਪ ਚੋਣ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਪਾਰਟੀ ਦੇ ਜਲੰਧਰ ਪੱਛਮੀ ਸੀਟ ਤੋਂ ਐਲਾਨੇ ਉਮੀਦਵਾਰ ਸੁਰਜੀਤ ਕੌਰ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਮੰਨਣ ਦਾ ਕਹਿਣਾ ਹੈ ਕਿ ਇਹ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਸਾਬਕਾ ਅਕਾਲੀ ਵਿਧਾਇਕ ਗੁਰਪ੍ਰੀਤ ਸਿੰਘ ਵਡਾਲਾ ਨੇ ਪਾਰਟੀ ਨਾਲ ਬਿਨਾਂ ਸਲਾਹ ਕੀਤੇ ਐਲਾਨਿਆ ਸੀ।
ਅਜਿਹੇ ‘ਚ ਉਕਤ ਜ਼ਿਮਨੀ ਚੋਣ ‘ਚ ਅਸੀਂ ਸੁਰਜੀਤ ਕੌਰ ਦਾ ਸਮਰਥਨ ਨਹੀਂ ਕਰਾਂਗੇ। ਉਨ੍ਹਾਂ ਸਪਸ਼ਟ ਕੀਤਾ ਕਿ ਸੁਰਜੀਤ ਕੌਰ ਤੱਕੜੀ ਚੋਣ ਨਿਸ਼ਾਨ ‘ਤੇ ਚੋਣ ਲੜੇਗੀ ਪਰ ਅਕਾਲੀ ਦਲ ਬਾਦਲ ਉਨ੍ਹਾਂ ਦੀ ਮਦਦ ਨਹੀਂ ਕਰੇਗਾ।
ਅਸਲ ਵਿਚ ਅਕਾਲੀ ਦਲ ਦੋ ਖੇਮਿਆਂ ਵਿਚ ਵੰਡਿਆ ਜਾ ਚੁੱਕਾ ਹੈ ਤੇ ਬੀਬੀ ਸੁਰਜੀਤ ਕੌਰ ਜੋ ਜਲੰਧਰ ਪੱਛਮੀ ਸੀਟ ਤੋਂ ਚੋਣ ਲੜ ਰਹੀ ਹੈ, ਬਾਗੀ ਧੜੇ ਦੀ ਉਮੀਦਵਾਰ ਹੈ।
ਬੀਬੀ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਦੋ-ਤਿੰਨ ਸਾਥੀ ਪਿਛਲੇ ਲੰਮੇ ਸਮੇਂ ਤੋਂ ਬਾਗੀ ਧੜੇ ਦੇ ਇਸ਼ਾਰੇ ’ਤੇ ਚਾਲਾਂ ਚੱਲ ਰਹੇ ਹਨ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਬੀਬੀ ਸੁਰਜੀਤ ਕੌਰ ਕਾਗਜ਼ ਵਾਪਸ ਲੈਣ ਲਈ ਕਿਹਾ ਗਿਆ ਤੇ ਉਹ ਮੰਨ ਵੀ ਗਈ ਪਰ ਜਦੋਂ ਉਹ ਰਿਟਰਨਿੰਗ ਅਧਿਕਾਰੀ ਕੋਲ ਗਏ ਤਾਂ ਬੀਬੀ ਸੁਰਜੀਤ ਕੌਰ ਨੂੰ ਕਾਗਜ਼ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।
ਪਾਰਟੀ ਸੂਤਰਾਂ ਮੁਤਾਬਕ ਦੱਸਦੇ ਹਨ ਕਿ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਾਗੀ ਅਕਾਲੀ ਆਗੂਆਂ ਨੂੰ ਸਬਕ ਸਿਖਾਉਣ ਲਈ ਜਲੰਧਰ ਤੋ ਬਸਪਾ ਦੇ ਉਮੀਦਵਾਰ ਦਾ ਸਰਮਥਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸਦਾ ਰਸਮੀ ਐਲਾਨ ਜਲਦ ਹੋ ਸਕਦਾ ਹੈ।