ਸ਼੍ਰੋਮਣੀ ਅਕਾਲੀ ਦਲ ਜੋ ਪੰਥ ਅਤੇ ਪੰਜਾਬ ਦੀ ਭਲਾਈ ਲਈ ਹੋਂਦ ਵਿੱਚ ਆਇਆ ਸੀ, ਜਿਸ ਨੇ ਦੇਸ਼ ਅਤੇ ਦੁਨੀਆਂ ਵਿੱਚ ਮਾਨਵੀ ਹੱਕਾਂ ਲਈ ਕੌਮ ਦੀ ਪੰਥਕ ਮਰਿਆਦਾ ਤੇ ਪੰਥਕ ਹਿੱਤਾਂ ਲਈ ਤੇ ਦੇਸ਼ ਵਿੱਚ ਫੈਡਰਲ ਢਾਂਚੇ ਲਈ ਸੰਘਰਸ਼ ਕਰਕੇ ਆਪਣੀ ਪਹਿਚਾਣ ਬਣਾਈ ਸੀ। ਲੋਕ ਹਿੱਤਾਂ ਲਈ ਤੇ ਪੰਜਾਬ ਦੀ ਭਲਾਈ ਲਈ ਸੰਘਰਸ਼ ਕਰਕੇ ਕਈ ਵਾਰ ਸੂਬੇ ਵਿੱਚ ਤੇ ਦੇਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ।
ਪਿਛਲੇ ਸਮੇਂ ਵਿੱਚ ਕਈ ਕੁਤਾਹੀਆਂ ਤੇ ਗਲਤ ਫੈਸਲਿਆਂ ਕਰਕੇ ਅੱਜ ਪਾਰਟੀ ਅਰਸ਼ ਤੋਂ ਫਰਸ਼ ‘ਤੇ ਪਹੁੰਚ ਗਈ ਹੈ। ਜਿਸ ਦੇ ਚੱਲਦੇ ਇਕੱਤਰਤਾ ਵਿੱਚ ਪੰਜਾਬ ਅਤੇ ਪੰਥ ਦਰਦੀਆਂ ਨੇ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ‘ਤੇ ਲਿਜਾਣ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਦਾ 1 ਜੁਲਾਈ ਨੂੰ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਕੀਤਾ ਜਾਵੇਗਾ।
ਗਲਤੀਆਂ ਅਤੇ ਖਾਮੀਆਂ ਲਈ ਖਿਮਾਂਯਾਚਨਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਿਛਲੇ ਸਮੇਂ ਵਿੱਚ ਹੋਈਆਂ ਗਲਤੀਆਂ ਅਤੇ ਖਾਮੀਆਂ ਲਈ 1 ਜੁਲਾਈ ਨੂੰ ਖਿਮਾਂਯਾਚਨਾ ਪੱਤਰ ਦਿੱਤਾ ਜਾਵੇਗਾ। ਅਰਦਾਸ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਕੋਈ ਕੁਤਾਹੀ ਨਾ ਹੋਵੇ, ਉਸ ਦੀ ਸਮਰੱਥਾ ਤੇ ਸਮੱਤ ਗੁਰੂ ਸਾਹਿਬ ਸਾਨੂੰ ਆਪ ਬਖਸ਼ਣ।
ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਹੋ ਸਕੇ। ਦੱਸ ਦਈਏ ਕਿ 1 ਜੁਲਾਈ 2024 ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸਾਰੇ ਅਹੁੱਦੇਦਾਰ ਸਹਿਬਾਨ ਤੇ ਸ੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਜੁੜੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵਿਅਕਤੀ ਪਹੁੰਚ ਕੇ ਖਿਮਾਂਯਾਚਨਾ ਪੱਤਰ ਠੀਕ 11.15 ਵਜੇ ਅਰਦਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਫ਼ਤਰ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ
ਇਹ ਵੀ ਮਹਿਸੂਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਆਮ ਲੋਕਾਂ ਨਾਲੋਂ ਸੰਪਰਕ ਖਤਮ ਹੋ ਰਿਹਾ ਸੀ, ਜਿਸ ਨਾਲ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਹੋਈ। ਉਨ੍ਹਾਂ ਕਿਹਾ ਕਿ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਏ ਲੋਕਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਲਈ, ਜਿਸ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਨੂੰ ਪ੍ਰਚੰਡ ਕੀਤਾ ਜਾਵੇਗਾ।
ਇਸ ਇਕੱਤਰਤਾ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕਿ ਕੋਈ ਨਿਰਪੱਖ ਰਾਜਨੀਤਿਕ ਤੇ ਧਾਰਮਿਕ ਸੁਮੇਲ ਵਾਲੀ ਸ਼ਖਸ਼ੀਅਤ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ ਜਾਵੇ ਤਾਂ ਕਿ ਪੰਥਕ ਏਜੰਡਾ ਤੈਅ ਕੀਤਾ ਜਾ ਸਕੇ ਤੇ ਲੋਕ ਦੀਆਂ ਇਛਾਵਾਂ ‘ਤੇ ਖਰਾ ਉਤਰ ਸਕੀਏ।