ਪੰਜਾਬ ਵਿਚ ਕੱਟੜਪੰਥੀਆਂ ਦੀ ਜਿੱਤ ਬਾਰੇ ਉਹ ਕਹਿੰਦੇ ਹਨ ਕਿ ਅੰਮ੍ਰਿਤਪਾਲ ’ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੈ।
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਭਲਕੇ ਹੋ ਰਹੀ ਜ਼ਿਮਨੀ ਚੋਣ ਨੂੰ ਸਿਆਸੀ ਪਾਰਟੀਆਂ ਨੇ ਜਿਹੋ ਜਿਹਾ ਵੱਕਾਰ ਦਾ ਸਵਾਲ ਬਣਾ ਲਿਆ, ਉਸ ਦੀ ਜ਼ਰੂਰਤ ਨਹੀਂ ਸੀ। ਖ਼ਾਸ ਕਰ ਕੇ ਸੱਤਾਧਾਰੀ ਪਾਰਟੀ ’ਚ ਜੇ 91 ਵਿਚੋਂ 90 ਐੱਮਐੱਲਏ ਰਹਿ ਗਏ ਤਾਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਕੋਈ ਬਹੁਤਾ ਫ਼ਰਕ ਨਹੀਂ ਪੈਣਾ।
ਜਿਹੋ ਜਿਹਾ ਮਾਹੌਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਕੈਂਪ ਆਫਿਸ ਬਣਾ ਕੇ, ਚੋਣ ਜਿੱਤਣ ਲਈ ਸਾਰੇ ਹੀ ਮੰਤਰੀ ਤੇ ਸਾਰਾ ਪਰਿਵਾਰ ਝੋਕ ਕੇ ਸਿਰਜ ਦਿੱਤਾ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉਲੰਪੀਅਨ, ਸਾਬਕਾ ਮੰਤਰੀ ਤੇ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੋਮਵਾਰ ਨੂੰ ਇੱਥੇ ਕੀਤਾ। ਉਹ ਪੰਜਾਬੀ ਜਾਗਰਣ ਦੇ ਵਿਹੜੇ ਵਿਚ ਵਿਸ਼ੇਸ਼ ਰੂਪ ’ਚ ਪਧਾਰੇ ਸਨ।
ਉਨ੍ਹਾਂ ਕਿਹਾ ਕਿ ਇਹ ਚੋਣ ਕੋਈ ਟਰੈਂਡ ਸੈਟਰ ਨਹੀਂ ਹੈ, ਅਜੇ ਚਾਰ ਸੀਟਾਂ ਲਈ ਜ਼ਿਮਨੀ ਚੋਣਾਂ ਹੋਣੀਆਂ ਬਾਕੀ ਹਨ। ਅਜੇ ਇਹ ਕੁਝ ਨਹੀਂ ਪਤਾ ਕਿ ਪੰਜਾਬ ਦੀ ਰਾਜਨੀਤੀ ਕਿੱਧਰ ਜਾਣੀ ਹੈ, ਦੇਸ਼ ਦੀ ਭਾਜਪਾ ਸਰਕਾਰ ਪੰਜਾਬੀਆਂ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਦੀ ਹੈ, ਪੰਜਾਬੀਆਂ ਤੇ ਸਿੱਖ ਰਾਜਨੀਤੀ ਨੂੰ ਕਿਸ ਨਜ਼ਰੀਏ ਨਾਲ ਪੇਸ਼ ਕਰਦੀ ਹੈ, ਇਹ ਪ੍ਰਭਾਵ ਆਉਣ ਵਾਲੇ ਸਮੇਂ ’ਚ ਦੇਖਣ ਨੂੰ ਮਿਲਣਗੇ। ਇਸ ਲਈ ਜਲੰਧਰ ਪੱਛਮੀ ਦੀ ਚੋਣ ਨੂੰ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਸੀ।
ਜਲੰਧਰ ਪੱਛਮੀ ਹਲਕੇ ਵਿਚ ਮੁਕਾਬਲਾ ਦੋ-ਕੋਣੀ ਜਾਂ ਤਿੰਨ-ਕੋਣੀ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਵੈਸੇ ਬੀਐੱਸਪੀ ਤੇ ਅਕਾਲੀ ਦਲ ਦਾ ਵੀ ਕਿਤੇ ਨਾ ਕਿਤੇ ਆਧਾਰ ਹੈ ਪਰ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਹੀ ਹੈ।
ਭਾਜਪਾ ਨੇ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਸੀ, ਪ੍ਰਚਾਰ ਲਈ ਸਟਾਰ ਕੰਪੇਨਰ ਦੀ ਲਿਸਟ ਆਈ ਸੀ, ਉਸ ’ਚੋਂ ਕੁਝ ਵੀ ਦਿਸਿਆ ਨਹੀਂ। ਸ਼ਾਇਦ ਇਹ ਸਭ ਭਾਜਪਾ ਉਮੀਦਵਾਰ ਦੇ ਕਿਰਦਾਰ ਕਰ ਕੇ ਹੀ ਹੈ ਜਾਂ ਫਿਰ ਉਸ ਨੇ ਪਿਛਲੇ ਸਮੇਂ ‘ਚ ਜੋ ਕੁਝ ਕੀਤਾ ਉਸ ਨੂੰ ਦੇਖਦਿਆਂ ਸਟਾਰ ਪ੍ਰਚਾਰਕਾਂ ਨੇ ਵੀ ਹੱਥ ਪਿਛਾਂਹ ਖਿੱਚ ਲਏ ਹਨ। ਇਸ ਲਈ ਲੱਗਦਾ ਨਹੀਂ ਕਿ ਉਹ ਇਸ ਚੋਣ ਮੁਕਾਬਲੇ ਵਿਚ ਹਨ।
ਜਲੰਧਰ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚੋਂ ਪੱਛਮੀ ਹਲਕੇ ਵਿਚ ਹੀ ਜਾਤ-ਪਾਤ ਦੀ ਸਿਆਸਤ ਜ਼ਿਆਦਾ ਹੈ ਜਾਂ ਬਾਕੀਆਂ ‘ਚ ਵੀ ਹੈ, ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਬਹੁਤੇ ਲੀਡਰ ਹੀ ਇਹ ਗੱਲ ਕਹਿ ਰਹੇ ਹਨ ਪਰ ਉਥੋਂ ਦੇ ਲੋਕਾਂ ਦੀ ਮਾਨਿਸਕਤਾ ਜੋ ਆਮ ਪੰਜਾਬੀ ਸੋਚਦਾ, ਉਨ੍ਹਾਂ ਵਰਗੀ ਹੀ ਹੈ। ਇਹ ਠੀਕ ਹੈ ਕਿ ਬਹੁਤੇ ਲੀਡਰ ਬਰਾਦਰੀਵਾਦ ਨੂੰ ਉਭਾਰ ਰਹੇ ਹਨ ਪਰ ਪੱਛਮੀ ਹਲਕੇ ਦੇ ਲੋਕਾਂ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਦੇਖਣ ਨੂੰ ਨਹੀਂ ਮਿਲੀ। ਬਾਕੀ ਇਹ ਤਾਂ 13 ਤਰੀਕ ਨੂੰ ਆਉਣ ਵਾਲੇ ਨਤੀਜੇ ਹੀ ਦੱਸਣਗੇ। ਉਨ੍ਹਾਂ ਕਿਹਾ ਕਿ ਇਸ ਚੋਣ ‘ਚ ਕੋਈ ਵੀ ਮੁੱਦਾ ਨਹੀਂ, ਇਹ ਸਿਰਫ਼ ਕਿਰਦਾਰਕੁਸ਼ੀ ਹੀ ਹੈ।
ਇਸ ਹਲਕੇ ‘ਚ ਡਰੱਗ, ਦੜਾ-ਸੱਟਾ, ਜੂਆ, ਗ਼ੈਰ-ਕਾਨੂੰਨੀ ਸ਼ਰਾਬ ਦੀ ਵਿਕਰੀ, ਅਪਰਾਧ ਜ਼ਿਆਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਪਿਛਲੇ ਸਮੇਂ ਵਿਚ ਸਿਆਸੀ ਲੀਡਰਸ਼ਿਪ ਨੇ ਬਣਾ ਕੇ ਰੱਖਿਆ ਹੈ, ਉਹ ਪੰਜਾਬ, ਜਲੰਧਰ ਜਾਂ ਉਸ ਹਲਕੇ ਲਈ ਕੋਈ ਵਧੀਆ ਸੁਨੇਹਾ ਨਹੀਂ ਹੈ।
ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਾਰੰਟੀਆਂ ਜਾਂ ਵਾਅਦਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਪਹਿਲੀਆਂ ਸਰਕਾਰਾਂ ‘ਚ ਕੋਈ ਮਾੜੇ ਕੰਮ ਨਹੀਂ ਹੋਏ ਪਰ ਮੌਜੂਦਾ ਸਰਕਾਰ ਵੇਲੇ ਤਾਂ ਉਨ੍ਹਾਂ ਵਿਚ ਵਾਧਾ ਹੀ ਹੋਇਆ ਹੈ। ਇਸ ਸਰਕਾਰ ਦੇ ਦੌਰ ‘ਚ ਭ੍ਰਿਸ਼ਟਾਚਾਰ ਵਿਚ ਵਾਧਾ ਹੋਇਆ ਹੈ, ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੋਈ, ਮਾਈਨਿੰਗ ਇੰਨੀ ਵੱਧ ਚੁੱਕੀ ਹੈ ਕਿ ਉਸ ਦਾ ਰੇਟ ਕਿਸੇ ਦੇ ਕੰਟਰੋਲ ਵਿਚ ਨਹੀਂ ਰਿਹਾ। ਇਸ ਤੋਂ ਇਲਾਵਾ ਨੌਕਰਸ਼ਾਹੀ ਕੰਟਰੋਲ ਵਿਚ ਨਹੀਂ ਰਹੀ।
ਇਹ ਸਰਕਾਰ ਇਨ੍ਹਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ‘ਚ ਫੇਲ੍ਹ ਹੀ ਸਾਬਤ ਹੋਈ ਹੈ। ਜੇ ਪੰਜਾਬ ਦੀ ਆਰਥਿਕਤਾ ਦੀ ਗੱਲ ਕਰੀਏ ਤਾਂ ਪੰਜਾਬ ਸਿਰ ਕਰਜ਼ੇ ਦਾ ਬੋਝ ਵੀ ਬਹੁਤ ਵੱਧ ਗਿਆ ਹੈ। ਉਹ ਕਹਿੰਦੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਜੇ ਨਵੀਂ ਹੈ ਅਤੇ ਦੋ ਕੁ ਸਾਲ ਪਹਿਲਾਂ ਹੀ ਸੱਤਾ ‘ਚ ਆਈ ਹੈ। ਉਨ੍ਹਾਂ ਕੋਲ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਅਤੇ ਤਾਕਤ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਵੀ ਕਿਸੇ ਸਿਸਟਮ ਵਿਚ ਤਾਕਤ ਦੀ ਵੱਧ ਵਰਤੋਂ ਹੋਣ ਲੱਗ ਜਾਵੇ, ਉਸ ਦੇ ਨਤੀਜੇ ਮਾੜੇ ਹੀ ਹੁੰਦੇ ਹਨ।
ਪੰਜਾਬ ਵਿਚ ਕੱਟੜਪੰਥੀਆਂ ਦੀ ਜਿੱਤ ਬਾਰੇ ਉਹ ਕਹਿੰਦੇ ਹਨ ਕਿ ਅੰਮ੍ਰਿਤਪਾਲ ’ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੈ। ਜੋ ਕੋਈ ਜਿੰਨਾ ਅਪਰਾਧ ਕਰਦਾ ਹੈ, ਉਸ ਨੂੰ ਓਨੀ ਹੀ ਸਜ਼ਾ ਦੇਣੀ ਚਾਹੀਦੀ ਹੈ। ਉਸ ਨੂੰ ਐੱਨਐੱਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਣਾ ਸ਼ਾਇਦ ਪੰਜਾਬੀਆਂ ਨੂੰ ਪਸੰਦ ਨਹੀਂ ਆਇਆ। ਇਸ ਦਾ ਹੀ ਨਤੀਜਾ ਬੀਤੇ ਮਹੀਨੇ ਹੋਈਆਂ ਲੋਕ ਸਭਾ ਚੋਣਾਂ ਵਿਚ ਉਸ ਨੂੰ ਖਡੂਰ ਸਾਹਿਬ ਹਲਕੇ ਤੋਂ ਜਿਤਾ ਕੇ ਦਿੱਤਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਬਹੁਤ ਵੱਡੀਆਂ ਸਮੱਸਿਆਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਸਾਰਾ ਕੁਝ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ। ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਲੋਕ ਨੀਲਾ ਕਾਰਡ ਕੱਟ ਹੋਣ ’ਤੇ ਸਰਪੰਚ ਨਾਲ ਲੜ ਰਹੇ ਹਨ। ਕਦੇ ਪੰਜਾਬੀਆਂ ਨੂੰ ਦੇਸ਼ ਦੀ ਮਾਰਸ਼ਲ ਕੌਮ ਕਿਹਾ ਜਾਂਦਾ ਸੀ, ਜੋ ਲੰਗਰ-ਛਬੀਲਾਂ ਲਾਉਣ ਲਈ ਦਸਵੰਧ ਕੱਢਦੇ ਸਨ ਅਤੇ ਅੱਜ ਉਹ 300 ਯੂਨਿਟ ਬਿਜਲੀ ਤੇ ਪੰਜ ਕਿੱਲੋ ਦਾਣਿਆਂ ਉੱਤੇ ਆ ਗਏ ਹਨ। ਚਾਹੀਦਾ ਤਾਂ ਇਹ ਹੈ ਕਿ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ, ਤਾਂ ਜੋ ਲੋਕ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।
ਲੋਕ ਸਭਾ ਚੋਣਾਂ ਵਿਚ ਲੁਧਿਆਣਾ ਜਾਂ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਬਾਰੇ ਉਹ ਕਹਿੰਦੇ ਹਨ ਕਿ ਵਡੇਰੇ ਹਿੱਤਾਂ ਕਾਰਨ ਉਨ੍ਹਾਂ ਇੱਥੋਂ ਦਾਅਵਾ ਕੀਤਾ ਸੀ ਪਰ ਸ਼ਾਇਦ ਹਾਈਕਮਾਨ ਨੂੰ ਕੁਝ ਹੋਰ ਬਿਹਤਰ ਲੱਗਾ ਹੋਵੇਗਾ। ਸੂਬੇ ਦੇ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਐੱਮਪੀ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਵਿੱਖ ਦੇ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਨ ਸਬੰਧੀ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੈਂ ਕੋਈ ਦਾਅਵਾ ਨਹੀਂ ਕਰਦਾ ਕਿ ਭਵਿੱਖ ‘ਚ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਂਗਾ।
ਮੈਨੂੰ ਸਿਰਫ਼ ਟੀਮ ਬਣਾਉਣ ਦਾ ਸ਼ੌਕ ਹੈ। ਇਕ ਚੰਗੀ ਟੀਮ ਬਣਾਓ ਕਿਉਂਕਿ ਵਧੀਆ ਟੀਮ ਹੀ ਸੂਬੇ ਦਾ ਹਾਲਾਤ ਨੂੰ ਸਮਝ ਸਕਦੀ ਹੈ ਅਤੇ ਇੱਥੋਂ ਦੇ ਮੁੱਦਿਆਂ ‘ਤੇ ਵਿਚਾਰ ਕਰ ਕੇ ਉਨ੍ਹਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਹੋ ਸਕਦੀ ਹੈ। ਜਦੋਂ ਤੁਸੀਂ ਵਧੀਆ ਟੀਮ ਬਣਾ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋਗੇ, ਫਿਰ ਸੂਬਾ ਖ਼ੁਸ਼ਹਾਲੀ ਦੇ ਰਾਹ ‘ਤੇ ਹੀ ਜਾਵੇਗਾ। ਬਾਕੀ ਅੱਗੇ ਤਾਂ ਹਰ ਕੋਈ ਵਧਣਾ ਚਾਹੁੰਦਾ ਹੈ।