ਸਾਬਕਾ ਵਿਧਾਇਕ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਪਾਰਟੀ ਵਿਚ ਬਗਾਵਤ ਕਰਨ ਵਾਲਿਆਂ ਨੇ ਆਪਣੇ ਪਰਿਵਾਰ ਪਾਲ਼ੇ ਹਨ, ਹੁਣ ਵੀ ਅਹੁਦਿਆ ਖਾਤਰ ਸਾਜਿਸ਼ ਤਹਿਤ ਬਗਾਵਤ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਖਾਨਾਜੰਗੀ ਵੱਧਦੀ ਜਾ ਰਹੀ ਹੈ। ਦਲ ਦੇ ਇਕ ਧੜੇ ਨੇ ਜਿਥੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਲਿਖਤੀ ਰੂਪ ਵਿਚ ਅਤੀਤ ’ਚ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਲਈ ਪੱਤਰ ਦਿੱਤਾ, ਉਥੇ ਦੂਜੇ ਪਾਸੇ ਸੁਖਬੀਰ ਬਾਦਲ ਨੇ ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ ਅਤੇ ਮਹਿਲਾ ਵਿੰਗ ਦੇ ਆਗੂਆਂ, ਅਹੁਦੇਦਾਰਾਂ ਨਾਲ ਅਲੱਗ-ਅਲੱਗ ਮੀਟਿੰਗਾਂ ਕੀਤੀਆਂ। ਦੋਵਾਂ ਵਿੰਗਾਂ ਦੇ ਅਹੁਦੇਦਾਰਾਂ ਨੇ ਖੁੱਲ੍ਹ ਕੇ ਸੁਖਬੀਰ ਬਾਦਲ ਦਾ ਸਮਰਥਨ ਕਰਦੇ ਹੋਏ ਭਵਿੱਖ ਵਿਚ ਚੱਟਾਨ ਵਾਂਗ ਖੜ੍ਹੇ ਹੋਣ ਦੇ ਭਰੋਸਾ ਦਿੱਤਾ ਹੈ। ਪਾਰਟੀ ਪ੍ਰਧਾਨ ਅਤੇ ਬਾਗੀ ਧੜੇ ਵੱਲੋਂ ਲਗਾਤਾਰ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅਨੁਸੂਚਿਤ ਜਾਤੀ ਵਿੰਗ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਦਲਿਤ ਭਾਈਚਾਰੇ ਦੇ ਮਸਲਿਆਂ ਨੂੰ ਲੈ ਕੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਆਪ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦੇ ਹੋਏ ਮਤਾ ਪਾਸ ਕੀਤਾ ਗਿਆ।
ਜਾਣਕਾਰੀ ਅਨੁਸਾਰ ਅਕਾਲੀ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੇ ਅਨੁਸੂਚਿਤ ਜਾਤੀ ਰਾਜ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਅਤੇ ਪਿਛਲੇ ਤਿੰਨ ਸਾਲਾਂ ਤੋ ਕਮਿਸ਼ਨ ਦਾ ਚੇਅਰਮੈਨ ਨਹੀੰ ਲਗਾਇਆ। ਇਹੀ ਨਹੀ ਕਮਿਸ਼ਨ ਦਾ ਸੈਕਟਰੀ ਅਤੇ ਕਾਰਜਕਾਰੀ ਚੇਅਰਮੈਨ ਵੀ ਜਨਰਲ ਵਰਗ ਨਾਲ ਸਬੰਧਤ ਹੈ, ਜੋ ਸੰਵਿਧਾਨ ਦੀ ਸਪਸ਼ਟ ਉਲੰਘਣਾ ਹੈ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਤੇ ਦਲ ਦੇ ਐੱਸਸੀ ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਾਣੀਕੇ, ਵਿਧਾਇਕ ਸੁਖਵਿੰਦਰ ਸੁੱਖੀ ਤੇ ਸਾਬਕਾ ਵਿਧਾਇਕ ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਆਪ ਸਰਕਾਰ ਨੂੰ ਦਲਿਤ ਵਿਰੋਧੀ ਹੋਣ ’ਤੇ ਮਤਾ ਪਾਸ ਕੀਤਾ ਗਿਆ।
ਆਪ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਲਈ ਸਬੰਧਤ ਬਹੁਤ ਸਾਰੀਆਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਐੱਸਸੀ ਸਕਾਲਰਸ਼ਿਪ ਸਕੀਮ ਬੰਦ ਹੋਣ ਦੇ ਕਗਾਰ ਹੋਣ ਉਤੇ ਪਹੁੰਚ ਗਈ ਹੈ। ਪਹਿਲਾਂ ਜਿੱਥੇ ਸਕਾਲਰਸ਼ਿਪ ਸਕੀਮ ਦਾ ਲੱਖਾਂ ਵਿਦਿਆਰਥੀ ਲਾਭ ਲੈਂਦੇ ਸਨ, ਹੁਣ ਇਹ ਗਿਣਤੀ ਲੱਖ ਡੇਢ ਲੱਖ ਤੱਕ ਰਹਿ ਗਈ ਹੈ। ਡਾ. ਸੁੱਖੀ ਨੇ ਦੱਸਿਆ ਕਿ ਆਪ ਸਰਕਾਰ ਜਾਣਬੁੱਝ ਕੇ ਰਾਖਵੀਆਂ ਪੋਸਟਾਂ ਖਤਮ ਕਰ ਰਹੀ ਹੈ। ਸਾਜ਼ਿਸ਼ ਤਹਿਤ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਜਾ ਰਿਹਾ ਹੈ।
ਸਾਬਕਾ ਵਿਧਾਇਕ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਪਾਰਟੀ ਵਿਚ ਬਗਾਵਤ ਕਰਨ ਵਾਲਿਆਂ ਨੇ ਆਪਣੇ ਪਰਿਵਾਰ ਪਾਲ਼ੇ ਹਨ, ਹੁਣ ਵੀ ਅਹੁਦਿਆ ਖਾਤਰ ਸਾਜਿਸ਼ ਤਹਿਤ ਬਗਾਵਤ ਕੀਤੀ ਹੈ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ।