ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਮਜੀਠਾ ਵਿਧਾਨ ਸਭਾ ਹਲਕੇ ’ਚ ਅਜੈਬਵਾਲੀ ਇਲਾਕੇ ਵਿਚ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ’ਚ 500 ਏਕੜ ਵਿਚ ਫ਼ਸਲ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਮਜੀਠਾ ਨੂੰ ਕੱਥੂਨੰਗਲ ਨਾਲ ਜੋੜਦੇ ਅਜੈਬਵਾਲੀ ਪੁਲ਼ ਦੇ ਨਿਰਮਾਣ ਦਾ ਤੁਰੰਤ ਹੁਕਮ ਦੇਣ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠਾ ਦੇ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੇ ਪੰਜਾਬ ਵਿਧਾਨ ਸਭਾ ਵਿਚ ਵਾਰ-ਵਾਰ ਅਜੈਬਵਾਲੀ ਪੁਲ਼ ਦਾ ਮੁੱਦਾ ਚੁੱਕਿਆ ਹੈ ਅਤੇ ਪੀਡਬਲਯੂਡੀ ਮੰਤਰੀ ਹਰਭਜਨ ਸਿੰਘ ਈਟੀਓ ਭਰੋਸਾ ਵੀ ਦੁਆਇਆ ਸੀ ਕਿ ਪੁਲ਼ ਬਿਨਾਂ ਦੇਰੀ ਦੇ ਉਸਾਰਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਸਾਰੇ ਭਰੋਸੇ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪਾਰਲੀਮਾਨੀ ਚੋਣਾਂ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਪੁਲ਼ ਦੀ ਉਸਾਰੀ ਜਲਦ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਚੋਣਾਂ ਲੰਘ ਗਈਆਂ ਤੇ ਉਹ ਹੁਣ ਚੋਣ ਹਾਰ ਗਏ, ਇਸ ਲਈ ਪੁਲ਼ ਦੀ ਉਸਾਰੀ ਵਾਸਤੇ ਕੱਖ ਵੀ ਨਹੀਂ ਕੀਤਾ ਜਾ ਰਿਹਾ।
ਇਹ ਇਕ ਅਹਿਮ ਪੁਲ਼ ਹੈ ਜੋ ਅਨੇਕਾਂ ਧਾਰਮਿਕ ਸਥਾਨਾਂ ਨੂੰ ਜੋੜਦਾ ਹੈ। ਸਕੂਲ ਬੱਸਾਂ ਸਮੇਤ ਅਨੇਕਾਂ ਵਾਹਨ ਇਸ ਪੁਲ਼ ਤੋਂ ਲੰਘਦੇ ਹਨ ਤੇ ਹਰ ਵੇਲੇ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਪੁਲ਼ ਟੁੱਟਾ ਹੋਣ ਕਾਰਨ ਲੋਕਾਂ ਨੂੰ 7 ਕਿਲੋਮੀਟਰ ਲੰਬਾ ਗੇੜਾ ਕੱਢਣਾ ਪੈਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਦੇ ਨਾਲ-ਨਾਲ ਲੋਕਾਂ ਦੀ ਕਚਹਿਰੀ ਵਿਚ ਫੇਲ੍ਹ ਹੋ ਗਏ ਹਨ।
ਕਾਨੂੰਨ ਵਿਵਸਥਾ ਢਹਿ ਢੇਰੀ ਹੋ ਚੁੱਕੀ ਹੈ ਤੇ ‘ਆਪ’ ਸਰਕਾਰ ਗੈਂਗਸਟਰ ਰਾਜ ਖ਼ਤਮ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਗੂੜ੍ਹੀ ਨੀਂਦ ’ਚੋਂ ਜਾਗਣ ਤੇ ਲੋਕਾਂ ਤੇ ਸੂਬੇ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਅਜੈਵਾਲੀ ਪੁਲ਼ ਦੀ ਉਸਾਰੀ ਦੇ ਨਾਲ-ਨਾਲ ਕਿਸਾਨਾਂ ਦੇ ਹੋਏ ਨੁਕਸਾਨ ਲਈ ਗਿਰਦਾਵਰੀ ਦੇ ਹੁਕਮ ਵੀ ਦਿੱਤੇ ਜਾਣ।