ਦੇਸ਼ ਭਰ ਵਿੱਚ ਵੰਦੇ ਭਾਰਤ ਟਰੇਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ 30 ਦਸੰਬਰ ਨੂੰ ਪੰਜ ਵੰਦੇ ਭਾਰਤ ਟਰੇਨਾਂ ਨੂੰ ਇੱਕੋ ਸਮੇਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਨਾਲ ਹੀ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ। ਪਹਿਲੀ ਵਾਰ ਚਲਾਈ ਜਾ ਰਹੀ ਇਹ ਟਰੇਨ ਪੁੱਲ ਐਂਡ ਪੁਸ਼ ਤਕਨੀਕ ‘ਤੇ ਆਧਾਰਿਤ ਹੈ, ਜਿਸ ਨਾਲ ਟਰੇਨ ਦੀ ਔਸਤ ਰਫਤਾਰ ਵੀ ਵਧਾਈ ਸਕੇਗੀ ਅਤੇ ਸਫਰ ਦਾ ਸਮਾਂ ਵੀ ਘੱਟ ਹੋਵੇਗਾ। ਇਸੇ ਦਿਨ ਪੀਐੱਮ ਮੋਦੀ ਅਯੁੱਧਿਆ ਦੇ ਨਵੇਂ ਰੇਲਵੇ ਸਟੇਸ਼ਨ ਅਤੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਹਵਾਈ ਅੱਡੇ ਦਾ ਉਦਘਾਟਨ ਵੀ ਕਰਨ ਜਾ ਰਹੇ ਹਨ।
30 ਦਸੰਬਰ ਨੂੰ ਅਯੁੱਧਿਆ ਜਾਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਵੇ ਸਟੇਸ਼ਨ ਦੇ ਨਾਲ-ਨਾਲ 8 ਨਵੀਆਂ ਟਰੇਨਾਂ ਨੂੰ ਹਰੀ ਝੰਡੀ ਦਿਖਾਉਣ ਜਾ ਰਹੇ ਹਨ। ਇਸ ਵਿੱਚ ਅਯੁੱਧਿਆ-ਆਨੰਦ ਵਿਹਾਰ, ਨਵੀਂ ਦਿੱਲੀ-ਵੈਸ਼ਨੋ ਦੇਵੀ, ਅੰਮ੍ਰਿਤਸਰ-ਨਵੀਂ ਦਿੱਲੀ, ਜਾਲਨਾ-ਮੁੰਬਈ, ਕੋਇੰਬਟੂਰ-ਬੈਂਗਲੁਰੂ ਵੰਦੇ ਭਾਰਤ ਟਰੇਨ ਸ਼ਾਮਲ ਹੈ। ਇਸ ਤੋਂ ਇਲਾਵਾ ਦਿੱਲੀ-ਦਰਭੰਗਾ ਅਤੇ ਮਾਲਦਾ-ਬੰਗਲੁਰੂ ਅੰਮ੍ਰਿਤ ਭਾਰਤ ਟਰੇਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਣਾ ਹੈ।
ਅੰਮ੍ਰਿਤ ਭਾਰਤ ਰੇਲਗੱਡੀ ਵਿਸ਼ੇਸ਼ ਕਿਉਂ ਹੈ?
ਵਰਕਰਾਂ ਨੂੰ ਮੁੱਖ ਰੱਖਦਿਆਂ ਚਲਾਈਆਂ ਜਾ ਰਹੀਆਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਦੀ ਗਿਣਤੀ ਵਧਾ ਕੇ 150 ਕੀਤੀ ਜਾਣੀ ਹੈ। ਇਹ ਯੂ.ਪੀ., ਬਿਹਾਰ, ਝਾਰਖੰਡ, ਉੜੀਸਾ ਆਦਿ ਰਾਜਾਂ ਤੋਂ ਲੈ ਕੇ ਤੇਲੰਗਾਨਾ, ਦਿੱਲੀ, ਪੰਜਾਬ, ਗੁਜਰਾਤ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਤੱਕ ਚਲਾਏ ਜਾਣਗੇ। ਪੁੱਲ-ਪੁਸ਼ ਤਕਨੀਕ ਕਾਰਨ ਇਨ੍ਹਾਂ ਦੀ ਸਪੀਡ ਰਾਜਧਾਨੀ ਅਤੇ ਸ਼ਤਾਬਦੀ ਟਰੇਨਾਂ ਤੋਂ ਜ਼ਿਆਦਾ ਹੋਵੇਗੀ।
ਰਿਪੋਰਟ ਮੁਤਾਬਕ ਅੰਮ੍ਰਿਤ ਭਾਰਤ ਟਰੇਨਾਂ ਦਾ ਕਿਰਾਇਆ ਆਮ ਮੇਲ ਜਾਂ ਐਕਸਪ੍ਰੈੱਸ ਟਰੇਨਾਂ ਦੇ ਮੁਕਾਬਲੇ 10 ਤੋਂ 15 ਫ਼ੀਸਦੀ ਜ਼ਿਆਦਾ ਹੋਵੇਗਾ। ਇਸ ਦੇ ਨਾਲ ਹੀ ਅਯੁੱਧਿਆ ਨੂੰ ਵੰਦੇ ਭਾਰਤ ਟਰੇਨ ਨਾਲ ਵੀ ਜੋੜਿਆ ਜਾ ਰਿਹਾ ਹੈ। 30 ਦਸੰਬਰ ਨੂੰ ਅਯੁੱਧਿਆ ਹਵਾਈ ਅੱਡੇ ਦਾ ਉਦਘਾਟਨ ਵੀ ਕੀਤਾ ਜਾਵੇਗਾ ਅਤੇ 5 ਜਨਵਰੀ ਤੋਂ ਇੱਥੋਂ ਉਡਾਣਾਂ ਵੀ ਸ਼ੁਰੂ ਹੋਣਗੀਆਂ।