ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30 ਫੀਸਦੀ ਬੀਤੀ ਰਾਤ ਹੀ ਖਾਲੀ ਸਨ। ਕਈ ਪੈਟਰੋਲ ਪੰਪਾਂ ‘ਤੇ ਸਿਰਫ਼ ਇੱਕ ਦਿਨ ਦਾ ਤੇਲ ਬਚਿਆ ਹੈ, ਜੋ ਅੱਜ ਸ਼ਾਮ ਤੱਕ ਵਿਕ ਜਾਵੇਗਾ।
ਇਹ ਜਾਣਕਾਰੀ ਕਪੂਰਥਲਾ ਦੇ ਦੋਆਬਾ ਪੈਟਰੋਲ ਪੰਪ ਦੇ ਮਾਲਕ ਅਤੇ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇ ਹੜਤਾਲ ਖਤਮ ਨਾ ਹੋਈ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਨਾਲ ਹੀ ਜਲੰਧਰ ਦੇ 90 ਫੀਸਦੀ ਤੋਂ ਵੱਧ ਪੈਟਰੋਲ ਪੰਪਾਂ ਦਾ ਤੇਲ ਖਤਮ ਹੋ ਚੁੱਕਾ ਹੈ। ਜਿਨ੍ਹਾਂ ਪੰਪਾਂ ‘ਤੇ ਤੇਲ ਬਚਿਆ ਹੈ, ਉੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਪੈਟਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਉਪ ਪ੍ਰਧਾਨ ਵਿਕਾਸ ਬਾਂਸਲ ਉਰਫ ਬੰਟੀ ਅਨੁਸਾਰ ਬਰਨਾਲਾ ਵਿੱਚ 60 ਪੈਟਰੋਲ ਪੰਪ ਹਨ। ਸੋਮਵਾਰ ਰਾਤ ਨੂੰ ਹੀ ਜ਼ਿਆਦਾਤਰ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।
ਲੁਧਿਆਣਾ ਵਿੱਚ 340 ਪੈਟਰੋਲ ਪੰਪ ਡ੍ਰਾਈ ਹੋ ਗਏ ਹਨ। ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੋਕ ਵਾਹਨਾਂ ਦੀਆਂ ਟੈਂਕੀਆਂ ਭਰਨ ਵਿੱਚ ਲੱਗੇ ਹੋਏ ਹਨ। ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਦੇ ਵਿਰੋਧ ‘ਚ ਮਹਾਨਗਰ ਦੇ 5 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਹੜਤਾਲ ‘ਤੇ ਹਨ। ਦੂਜੇ ਪਾਸੇ ਬੱਸ ਡਰਾਈਵਰਾਂ ਨੇ ਵੀ ਭਲਕੇ 2 ਘੰਟੇ ਲਈ ਹੜਤਾਲ ’ਤੇ ਰਹਿਣ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ ਦੇ 95 ਫੀਸਦੀ ਪੈਟਰੋਲ ਪੰਪਾਂ ‘ਤੇ ਤੇਲ ਮੁੱਕ ਗਿਆ ਹੈ। ਇਸ ਸੂਚਨਾ ਤੋਂ ਬਾਅਦ ਸਵੇਰੇ ਦਫ਼ਤਰਾਂ ਨੂੰ ਜਾਣ ਵਾਲੇ ਲੋਕਾਂ ਦੀ ਲੰਬੀ ਲਾਈਨ ਲੱਗ ਗਈ। ਲੋਕ ਪੈਟਰੋਲ ਨੂੰ ਬੋਤਲਾਂ ਵਿੱਚ ਭਰ ਕੇ ਲਿਜਾ ਰਹੇ ਹਨ। ਕਈ ਪੈਟਰੋਲ ਪੰਪਾਂ ‘ਤੇ ਰੱਸੀ ਬੰਨ੍ਹ ਕੇ ਸਟਾਕ ਖਾਲੀ ਹੋਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਥੇ ਹੀ ਮੋਗਾ, ਅਬੋਹਰ, ਮਾਨਸਾ ਦੇ ਪੈਟਰੋਲ ਪੰਪਾਂ ‘ਤੇ ਭੀੜ ਉਮੜ ਆਈ ਹੈ।