ਓਲੰਪਿਕ ਸਮੇਤ ਅੰਤਰਰਾਸ਼ਟਰੀ ਪੱਧਰ ’ਤੇ ਟੂਰਨਾਮੈਂਟ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਪਰ ਦੇਸ਼ ਵਿੱਚ ਸਥਿਤੀ ਇਸ ਦੇ ਉਲਟ ਹੈ।
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਦੇ ਨਿਰਧਾਰਤ ਵਜ਼ਨ ਤੋਂ 100 ਗ੍ਰਾਮ ਵਧ ਹੋਣ ਕਾਰਨ ਪੈਰਿਸ ਓਲੰਪਿਕ (Paris Olympics 2024) ਤੋਂ ਬਾਹਰ ਕੀਤੇ ਜਾਣ ਨਾਲ ਰਾਸ਼ਟਰੀ ਪਹਿਲਵਾਨਾਂ ਦੇ ਓਵਰਵੇਟ (Overweight) ਨੂੰ ਲੈ ਕੇ ਬਹਿਸ ਛਿੜ ਗਈ ਹੈ। ਇਸ ‘ਤੇ ਭਾਰਤੀ ਓਲੰਪਿਕ ਕੁਸ਼ਤੀ ਟੀਮ ਦੇ ਸਾਬਕਾ ਕੋਚ ਅਰਜੁਨ ਐਵਾਰਡੀ ਗਿਆਨ ਸਿੰਘ ਸਹਿਰਾਵਤ (Gyan Singh Sehrawat) ਨੇ ਖੁਦ ਆਪਣੀ ਰਾਏ ਦੇ ਕੇ ਕੋਚ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
1996 ‘ਚ ਅਟਲਾਂਟਾ ਓਲੰਪਿਕ ਤੋਂ ਲੈ ਕੇ 10 ਸਾਲ ਤਕ ਭਾਰਤੀ ਕੁਸ਼ਤੀ ਟੀਮ ਦੇ ਮੁੱਖ ਕੋਚ ਅਤੇ ਫਿਰ 12 ਸਾਲ ਭਾਰਤੀ ਰੇਲਵੇ ‘ਚ ਕੋਚ ਵਜੋਂ ਸੇਵਾ ਨਿਭਾਉਣ ਵਾਲੇ ਗਿਆਨ ਸਿੰਘ ਸਹਿਰਾਵਤ ਦਾ ਕਹਿਣਾ ਹੈ ਕਿ ਅਸਲੀਅਤ ਇਹ ਹੈ ਕਿ ਓਲੰਪਿਕ ਸਮੇਤ ਅੰਤਰਰਾਸ਼ਟਰੀ ਪੱਧਰ ’ਤੇ ਟੂਰਨਾਮੈਂਟ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਪਰ ਦੇਸ਼ ਵਿੱਚ ਸਥਿਤੀ ਇਸ ਦੇ ਉਲਟ ਹੈ।
ਇਕ ਪਹਿਲਵਾਨ ਦੋ ਭਾਰ ਵਰਗਾਂ ‘ਚ ਇੱਕੋ ਈਵੈਂਟ ਦੌਰਾਨ ਕਈ ਵਾਰ ਕੁਸ਼ਤੀ ਲੜਦਾ ਹੈ। ਭਾਰ ਵਧਣ ਦੇ ਮਾਮਲੇ ‘ਚ ਜ਼ਿਆਦਾਤਰ ਪਹਿਲਵਾਨਾਂ ਨੂੰ ਭਾਰ ਘਟਾਉਣ ਦੀਆਂ ਬੁਨਿਆਦੀ ਤਕਨੀਕਾਂ ਦਾ ਪਤਾ ਨਹੀਂ ਹੁੰਦਾ। ਉਦਾਰਵਾਦੀ ਰਵੱਈਏ ਕਾਰਨ ਜ਼ਿਆਦਾਤਰ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪ ‘ਚ ਨਿਯਮਾਂ ‘ਚ ਢਿੱਲ ਦਿੱਤੀ ਜਾਂਦੀ ਹੈ ਤੇ ਮਸ਼ਹੂਰ ਪਹਿਲਵਾਨਾਂ ਨੂੰ ਅੱਗੇ ਖੇਡਣ ਦਾ ਮੌਕਾ ਦੇ ਦਿੱਤਾ ਜਾਂਦਾ ਹੈ।
ਇਸ ਲਈ ਸੂਬੇ ਤੇ ਕੌਮੀ ਪੱਧਰ ਦੀ ਕੁਸ਼ਤੀ ਚੈਂਪੀਅਨਸ਼ਿਪਾਂ ‘ਚ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਪਹਿਲਵਾਨਾਂ ਨੂੰ ਓਵਰਵੇਟ ਨਾਲ ਨਜਿੱਠਣ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਵੇ। ਸਾਬਕਾ ਅੰਤਰਰਾਸ਼ਟਰੀ ਕੋਚ ਗਿਆਨ ਸਿੰਘ ਨੇ ਭਾਰਤੀ ਕੁਸ਼ਤੀ ਜਗਤ ਨੂੰ ਪੱਪੂ ਯਾਦਵ ਸਮੇਤ ਕਈ ਮਹਾਨ ਪਹਿਲਵਾਨ ਦਿੱਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੁਸ਼ਤੀ ਵਿੱਚ ਕਈ ਤਬਦੀਲੀਆਂ ਦੀ ਲੋੜ ਹੈ, ਕੋਚਿੰਗ ਦੇ ਪੱਧਰ ‘ਚ ਸੁਧਾਰ ਕੀਤੇ ਬਿਨਾਂ ਪਹਿਲਵਾਨ ਓਲੰਪਿਕ ਤੇ ਏਸ਼ਿਆਈ ਖੇਡਾਂ ਵਿੱਚ ਤਗ਼ਮਿਆਂ ਤੋਂ ਵਾਂਝੇ ਹੁੰਦੇ ਰਹਿਣਗੇ।
ਅਰਜੁਨ ਐਵਾਰਡੀ ਇਸ ਸਾਬਕਾ ਕੋਚ ਨੇ ਕਿਹਾ ਕਿ 90 ਫੀਸਦੀ ਕੋਚ ਪਹਿਲਵਾਨਾਂ ਨੂੰ ਗਲਤ ਤਰੀਕੇ ਨਾਲ ਸਿਖਲਾਈ ਦੇ ਰਹੇ ਹਨ। ਸਾਰੇ ਪੱਧਰਾਂ ਦੇ ਪਹਿਲਵਾਨਾਂ ਨੂੰ ਓਵਰਵੇਟ ਨਾਲ ਨਜਿੱਠਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਵਿੱਚ ਕੋਚ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਨਾਲ ਹੀ, ਕੌਮੀ ਪੱਧਰ ‘ਤੇ ਹੋਣ ਵਾਲੇ ਟੂਰਨਾਮੈਂਟਾਂ ‘ਚ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।