ਟਾਊਨਸ਼ਿਪ ਕਮੇਟੀ ਦੀ ਮੈਂਬਰ ਨੀਨਾ ਸਿੰਘ ਨੇ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਮੌਂਟਗੁੰਮਰੀ ਦੀ ਪਹਿਲੀ ਸਿੱਖ ਅਤੇ ਭਾਰਤੀ-ਅਮਰੀਕੀ ਮਹਿਲਾ ਮੇਅਰ ਬਣ ਕੇ ਇਤਿਹਾਸ ਰਚ ਦਿਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਚੁਣਿਆ ਗਿਆ ਸੀ। ਨੀਨਾ ਸਿੰਘ ਨੂੰ ਪ੍ਰਤੀਨਿਧੀ ਬੋਨੀ ਵਾਟਸਨ ਕੋਲਮੈਨ ਨੇ ਅਹੁਦੇ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਵੱਖ-ਵੱਖ ਸਟੇਟ ਅਧਿਕਾਰੀਆਂ ਤੋਂ ਵਧਾਈਆਂ ਪ੍ਰਾਪਤ ਹੋਈਆਂ।
ਇਸ ਮੌਕੇ ਨੀਨਾ ਸਿੰਘ ਨੇ ਮੌਂਟਗੋਮਰੀ ਟਾਊਨਸ਼ਿਪ ’ਚ ਦਿਤੇ ਗਏ ਮੌਕਿਆਂ ਲਈ ਧੰਨਵਾਦ ਕੀਤਾ, ਜਿਸ ਨੂੰ ਉਹ ਅਮਰੀਕੀ ਸੁਪਨੇ ਦੀ ਪ੍ਰਤੀਨਿਧਤਾ ਅਤੇ ਅਮਰੀਕਾ ਦੀ ਵੰਨ-ਸੁਵੰਨਤਾ ਦੀ ਇਕ ਚੰਗੀ ਉਦਾਹਰਣ ਦਸਦੀ ਹੈ। 2024 ਲਈ, ਮੇਅਰ ਨੀਨਾ ਸਿੰਘ ਦੀਆਂ ਤਰਜੀਹਾਂ ’ਚ ਜਨਤਕ ਸੁਰੱਖਿਆ ਅਤੇ ਸਿਹਤ ਸ਼ਾਮਲ ਹਨ। ਉਹ ਚੋਣ ਮੁਹਿੰਮ ’ਚ ਮੇਅਰ ਦੀ ਤੰਦਰੁਸਤੀ ਮੁਹਿੰਮ ਦੇ ਕੀਤੇ ਵਾਅਦੇ ’ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਹ ਯਕੀਨੀ ਬਣਾਉਣ ਦਾ ਟੀਚਾ ਰਖਦੀ ਹੈ ਕਿ ਲੋਕਾਂ ਕੋਲ ਭਾਈਚਾਰਕ ਸਿਹਤ, ਆਵਾਜਾਈ, ਜਨਤਕ ਥਾਵਾਂ, ਮਿਊਂਸਪਲ ਸੇਵਾਵਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਸਮੇਤ ਵੱਖ-ਵੱਖ ਖੇਤਰਾਂ ’ਚ ਬਿਹਤਰੀਨ ਸੰਭਵ ਸਰੋਤ ਹੋਣ। ਉਨ੍ਹਾਂ ਨੇ ਟੈਕਸ ਡਾਲਰਾਂ ਨੂੰ ਹੋਰ ਅੱਗੇ ਵਧਾਉਣ ਲਈ ਰਣਨੀਤੀਆਂ ’ਤੇ ਕੰਮ ਕਰਨ ਦਾ ਵੀ ਜ਼ਿਕਰ ਕੀਤਾ।