ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਣਪਛਾਤੇ ਚੋਰ ਇਕ ਜੱਜ ਦੀ ਕੋਠੀ ‘ਚੋਂ 70 ਹਜ਼ਾਰ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਦਰਸ਼ਨ ਲਾਲ ਪੁੱਤਰ ਦੇਵੀ ਚੰਦ ਵਾਸੀ ਪਿੰਡ ਝੰਡੂਪੁਰ ਨੇ ਦੱਸਿਆ ਕਿ ਉਹ ਜੱਜ ਮਨੀਸ਼ਾ ਜੈਨ ਫੈਮਲੀ ਕੋਰਟ ਨਵਾਂਸ਼ਹਿਰ ਨਾਲ ਬਤੌਰ ਗਨਮੈਨ ਡਿਊਟੀ ਕਰ ਰਿਹਾ ਹੈ। ਜੱਜ ਦੀ ਕੋਠੀ ਨੰਬਰ 46 ਗਲੀ ਨੰਬਰ 01 ਰਣਜੀਤ ਨਗਰ ਨਵਾਂਸ਼ਹਿਰ ਵਿਖੇ ਕੋਠੀ ਕਿਰਾਏ ‘ਤੇ ਲੈ ਕੇ ਰਹਿੰਦੇ ਹਨ। ਕੱਲ੍ਹ ਉਹ ਜੱਜ ਸਾਹਿਬ ਨਾਲ ਚੰਡੀਗੜ੍ਹ ਕੋਠੀ ਨੂੰ ਤਾਲਾ ਲਗਾ ਕੇ ਚਲਾ ਗਿਆ ਸੀ। ਅੱਜ ਜਦੋਂ ਵਾਪਸ ਆ ਕੇ ਦੇਖਿਆ ਤਾਂ ਜੱਜ ਦੀ ਕੋਠੀ ਦਾ ਮੇਨ ਦਰਵਾਜ਼ਾ ਤੋੜਿਆ ਹੋਇਆ ਸੀ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ।
ਜਦੋਂ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਜਾ ਕੇ ਦੇਖਿਆ ਤਾਂ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ ਤੇ ਅਲਮਾਰੀਆਂ ਦੇ ਲਾਕਰ ਟੁੱਟੇ ਹੋਏ ਸਨ। ਸਾਰੇ ਘਰ ਦਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀ ‘ਚ ਪਏ 70 ਹਜ਼ਾਰ ਰੁਪਏ, 2 ਸੋਨੇ ਦੀਆਂ ਮੁੰਦਰੀਆਂ ਤੇ ਚਾਂਦੀ ਦੇ ਗਹਿਣੇ ਨਾ-ਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ।ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਗਨਮੈਨ ਏਐੱਸਆਈ ਦਰਸ਼ਨ ਲਾਲ ਦੇ ਬਿਆਨਾਂ ‘ਤੇ ਨਾ-ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।