ਲੁਧਿਆਣਾ : ਜਲੰਧਰ-ਪਾਣੀਪਤ ਹਾਈਵੇਅ ਨੰਬਰ-44 ‘ਤੇ ਫਗਵਾੜਾ ਨੇੜੇ ਕਿਸਾਨ ਸੰਗਠਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਹੋਇਆ ਹੈ। ਇਸ ਧਰਨੇ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਵਾਹਨ ਚਾਲਕਾਂ ਨੂੰ ਬਦਲਵੇਂ ਰੂਟ ਦਿੱਤੇ ਗਏ ਹਨ। ਲੁਧਿਆਣਾ ਪੁਲਸ ਨੇ ਵੀ ਅੰਮ੍ਰਿਤਸਰ, ਜੰਮੂ ਅਤੇ ਪਠਾਨਕੋਟ ਜਾਣ ਵਾਲੇ ਵਾਹਨ ਚਾਲਕਾਂ ਨੂੰ ਨੈਸ਼ਨਲ ਹਾਈਵੇਅ-44 ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ।
ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾਣਾ ਹੈ, ਉਹ ਮੋਗਾ ਸਾਈਡ ਤੋਂ ਜਾ ਸਕਦੇ ਹਨ। ਇਸ ਦੇ ਨਾਲ ਹੀ ਜੋ ਲੋਕ ਪਠਾਨਕੋਟ ਜਾਂ ਜੰਮੂ ਜਾਣਾ ਚਾਹੁੰਦੇ ਹਨ, ਉਹ ਚੰਡੀਗੜ੍ਹ ਰੋਡ ਦਾ ਇਸਤੇਮਾਲ ਕਰ ਸਕਦੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਡੋਵਾਲ ਡਾਇਵਰਸ਼ਨ ਪੁਆਇੰਟ ‘ਤੇ ਵੀ ਟ੍ਰੈਫਿਕ ਮੁਲਾਜ਼ਮਾਂ ਨੂੰ ਤਾਇਨਾਤ ਕਰਕੇ ਉਨ੍ਹਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਲੋੜ ਪੈਣ ‘ਤੇ ਖੰਨਾ ਅਤੇ ਦਿੱਲੀ ਸਾਈਡ ਤੋਂ ਆ ਰਹੇ ਵਾਹਨਾਂ ਨੂੰ ਹੰਬੜਾ ਤੋਂ ਨਕੋਦਰ, ਜਗਰਾਓਂ ਵੱਲ ਡਾਇਵਰਟ ਕੀਤਾ ਜਾ ਸਕਦਾ ਹੈ।