ਰਾਸ਼ਟਰੀ ਮਲਟੀਪਲੈਕਸ ਟ੍ਰੇਡ ਬਾਡੀ ਵੱਲੋਂ ਕਿਹਾ ਗਿਆ ਹੈ ਕਿ ਪੂਰੇ ਦੇਸ਼ ਦੇ ਸਿਨੇਮਾਘਰਾਂ ’ਚ ਸਿਨੇਪ੍ਰੇਮੀਆਂ ਲਈ ਟਿਕਟ ਸਿਰਫ 99 ਰੁਪਏ ’ਚ ਮੁਹੱਈਆ ਕਰਵਾਈ ਜਾਵੇਗੀ।
ਸਾਲ 2022 ’ਚ ਕੋਰੋਨਾ ਕਾਲ ਤੋਂ ਬਾਅਦ ਲੋਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕਰਨ ਲਈ ਰਾਸ਼ਟਰੀ ਸਿਨੇਮਾ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਇਸਦਾ ਤੀਜਾ ਐਡੀਸ਼ਨ 20 ਸਤੰਬਰ ਨੂੰ ਕਰਵਾਇਆ ਜਾਵੇਗਾ। ਮਸਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਇਸ ਸਾਲ ਰਾਸ਼ਟਰੀ ਸਿਨੇਮਾ ਦਿਵਸ ਲਈ 20 ਸਤੰਬਰ ਦੀ ਤਰੀਕ ਤੈਅ ਕੀਤੀ ਹੈ।
ਰਾਸ਼ਟਰੀ ਮਲਟੀਪਲੈਕਸ ਟ੍ਰੇਡ ਬਾਡੀ ਵੱਲੋਂ ਕਿਹਾ ਗਿਆ ਹੈ ਕਿ ਪੂਰੇ ਦੇਸ਼ ਦੇ ਸਿਨੇਮਾਘਰਾਂ ’ਚ ਸਿਨੇਮਾ ਪ੍ਰੇਮੀਆਂ ਲਈ ਟਿਕਟ ਸਿਰਫ 99 ਰੁਪਏ ’ਚ ਮੁਹੱਈਆ ਕਰਵਾਈ ਜਾਵੇਗੀ। ਪੀਵੀਆਰ ਆਈਨਾਕਸ, ਸਿਨੇਪੋਲਿਸ, ਮਿਰਾਜ, ਮੂਵੀ ਟਾਈਮ ਤੇ ਡਿਲਾਈਟ ਸਮੇਤ ਚਾਰ ਹਜ਼ਾਰ ਤੋਂ ਵੱਧ ਸਕਰੀਨਾਂ ’ਤੇ ਫਿਲਮਾਂ ਦਿਖਾਈਆਂ ਜਾਣਗੀਆਂ।
ਇਨ੍ਹਾਂ ਫਿਲਮਾਂ ’ਚ ਨਵੀਆਂ ਰਿਲੀਜ਼ ਫਿਲਮਾਂ ‘ਯੁੱਧਰਾ’, ‘ਕਹਾਂ ਸ਼ੁਰੂ, ਕਹਾਂ ਖ਼ਤਮ’, ਮਰਾਠੀ ਫਿਲਮ ‘ਨਵਰਾ ਮਾਝਾ ਨਵਸਾਚਾ 2’, ਪੰਜਾਬੀ ਫਿਲਮ ‘ਸੁੱਚਾ ਸੂਰਮਾ’, ਹਾਲੀਵੁੱਡ ਦੀਆਂ ਫਿਲਮਾਂ ‘ਨੈਵਰ ਲੈੱਟ ਗੋ’ ਤੇ ‘ਟਰਾਂਸਫਾਰਮਰਜ਼ ਵਨ’ ਦੇ ਨਾਲ ਪਿਛਲੇ ਹਫਤੇ ਰਿਲੀਜ਼ ਹੋਈਆਂ ‘ਬਕਿੰਘਮ ਮਰਡਰਜ਼’ ਤੇ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਵੀ ਸ਼ਾਮਲ ਹੋਣਗੀਆਂ।
ਇਸਦੇ ਨਾਲ ਹੀ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਕਰ ਰਹੀ ‘ਇਸਤਰੀ 2’ ਦੇ ਨਾਲ ਰੀ-ਰਿਲੀਜ਼ ਹੋਈਆਂ ਫਿਲਮਾਂ ‘ਤੁੰਬਾਡ’ ਤੇ ‘ਵੀਰ ਜ਼ਾਰਾ’ ਵੀ ਰਾਸ਼ਟਰੀ ਫਿਲਮ ਦਿਵਸ ਦੀ ਹਿੱਸਾ ਬਣਨਗੀਆਂ। ਇਸ ਦਿਨ ਨੂੰ ਹਰ ਉਮਰ ਦੇ ਦਰਸ਼ਕਾਂ ਨੂੰ ਸਿਨੇਮਾਈ ਆਨੰਦ ਦੇਣ ਲਈ ਪਿਛਲੇ ਦੋ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ।
ਐਸੋਸੀਏਸ਼ਨ ਨੇ ਆਪਣੇ ਬਿਆਨ ’ਚ ਕਿਹਾ ਕਿ ਇਸ ਸਫਲਤਾ ’ਚ ਯੋਗਦਾਨ ਦੇਣ ਵਾਲੇ ਸਾਰੇ ਫਿਲਮ ਪ੍ਰੇਮੀਆਂ ਨੂੰ ਧੰਨਵਾਦ। ਉਨ੍ਹਾਂ ਨੂੰ ਇਕ ਵਾਰ ਫਿਰ ਸੱਦਾ ਦਿੱਤਾ ਜਾ ਰਿਹਾ ਹੈ, ਜੋ ਹਾਲੇ ਤੱਕ ਸਥਾਨਕ ਸਿਨੇਮਾਘਰਾਂ ’ਚ ਨਹੀਂ ਪਰਤੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ ਦੇ ਪਿਛਲੇ ਦੋ ਐਡੀਸ਼ਨਾਂ ’ਚ ਲਗਪਗ 60 ਲੱਖ ਲੋਕਾਂ ਨੇ ਫਿਲਮਾਂ ਦੇਖੀਆਂ ਸਨ।