ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦਰਮਿਆਨ ਇਕ ਵੀਡੀਓ ਨੇ ਇਨ੍ਹੀਂ ਦਿਨੀਂ ਭੜਥੂ ਪਾ ਦਿੱਤਾ ਹੈ। ਇਹ ਵੀਡੀਓ ਕੋਈ ਅਸ਼ਲੀਲ ਨਹੀਂ ਹੈ, ਸਗੋਂ ਇਸ ਲਈ ਸੁਰਖੀਆਂ ’ਚ ਹੈ ਕਿਉਂਕਿ ਇਸ ’ਚ ਦਿਮਨੀ ਤੋਂ ਭਾਜਪਾ ਉਮੀਦਵਾਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਉਰਫ ਰਾਮੂ ਭਈਆ ਨਜ਼ਰ ਆ ਰਹੇ ਹਨ। ਰਾਮੂ ਭਈਆ ਦਰਅਸਲ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਪੁੱਤਰ ਹੈ। ਇਸ ਵੀਡੀਓ ’ਚ ਇਕ ਵਿਚੋਲੇ ਰਾਹੀਂ ਖਾਨ ਮਾਲਕ ਤੋਂ ਕਰੋੜਾਂ ਰੁਪਏ ਲੈਣ ਦੀ ਗੱਲ ਹੋ ਰਹੀ ਹੈ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਕਾਂਗਰਸ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਉਥੇ ਹੀ ਭਾਜਪਾ ਇਸ ਮਾਮਲੇ ਨੂੰ ਲੈ ਕੇ ਬੈਕਫੁੱਟ ’ਤੇ ਨਜ਼ਰ ਆ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਕਮਲਨਾਥ ਦੇ ਮੀਡੀਆ ਸਲਾਹਕਾਰ ਨੇ ਇਸ ਮਾਮਲੇ ਦੀ ਜਾਂਚ ਈ. ਡੀ. ਅਤੇ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜਦਕਿ ਦੂਜੇ ਪਾਸੇ ਰਾਮੂ ਭਈਆ ਨੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਐਡਿਟ ਕਰ ਕੇ ਪੇਸ਼ ਕਰਨ ਦੀ ਗੱਲ ਵੀ ਕਹੀ ਹੈ।