ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਜਸਥਾਨ ਵਿਚ ਸੱਤਾਧਾਰੀ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਜਿੱਥੇ ਵੀ ਆਉਂਦੀ ਹੈ ਉੱਥੇ ਅੱਤਵਾਦੀ, ਅਪਰਾਧੀ ਅਤੇ ਦੰਗਾਕਾਰੀ ਬੇਲਗਾਮ ਹੋ ਜਾਂਦੇ ਹਨ ਅਤੇ ਕਾਂਗਰਸ ਲਈ ਤੁਸ਼ਟੀਕਰਨ ਹੀ ਸਭ ਕੁਝ ਹੈ। ਭਰਤਪੁਰ ‘ਚ ਪਾਰਟੀ ਦੀ ‘ਵਿਜੇ ਸੰਕਲਪ ਸਭਾ’ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ,”ਕਾਂਗਰਸ ਜਿੱਥੇ-ਜਿੱਥੇ ਆਉਂਦੀ ਹੈ ਉੱਥੇ-ਉੱਥੇ ਅੱਤਵਾਦੀ, ਅਪਰਾਧੀ ਅਤੇ ਦੰਗਾਕਾਰੀ ਬੇਲਗਾਮ ਹੋ ਜਾਂਦੇ ਹਨ। ਕਾਂਗਰਸ ਲਈ ਤੁਸ਼ਟੀਕਰਨ ਹੀ ਸਭ ਕੁਝ ਹੈ। ਕਾਂਗਰਸ ਤੁਸ਼ਟੀਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਭਾਵੇਂ ਇਸ ਲਈ ਤੁਹਾਡਾ ਜੀਵਨ ਤੱਕ ਦਾਅ ‘ਤੇ ਕਿਉਂ ਨਾ ਲਗਾਉਣਾ ਪਵੇ।” ਪੀ.ਐੱਮ. ਮੋਦੀ ਨੇ ਕਿਹਾ,”ਇਕ ਪਾਸੇ ਭਾਰਤ ਦੁਨੀਆ ‘ਚ ਮੋਹਰੀ ਬਣ ਰਿਹਾ ਹੈ, ਦੂਜੇ ਪਾਸੇ ਪਿਛਲੇ 5 ਸਾਲਾਂ ‘ਚ ਰਾਜਸਥਾਨ ‘ਚ ਕੀ ਹੋਇਆ? ਪਿਛਲੇ 5 ਸਾਲਾਂ ‘ਚ ਹੋਈ ਤਬਾਹੀ ਦਾ ਜ਼ਿੰਮੇਵਾਰ ਕੌਣ? …ਇੱਥੇ ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ, ਦੰਗਿਆਂ ਅਤੇ ਅਪਰਾਧਾਂ ਵਿਚ ਮੋਹਰੀ ਬਣਾ ਦਿੱਤਾ ਹੈ। ਇਸੇ ਲਈ ਰਾਜਸਥਾਨ ਕਹਿ ਰਿਹਾ ਹੈ-ਜਾਦੂਗਰ ਜੀ ਕੋਨੀ ਮਿਲੇ ਵੋਟ ਜੀ (ਵੋਟ ਨਹੀਂ ਮਿਲਣਗੇ)।” ਉਨ੍ਹਾਂ ਕਿਹਾ,”ਪਿਛਲੇ 5 ਸਾਲਾਂ ‘ਚ ਸਭ ਤੋਂ ਵੱਧ ਅਪਰਾਧ ਭੈਣਾਂ, ਧੀਆਂ, ਦਲਿਤਾਂ ਅਤੇ ਗਰੀਬਾਂ ‘ਤੇ ਹੋਏ ਹਨ। ਹੋਲੀ ਹੋਵੇ, ਰਾਮ ਨੌਮੀ, ਹਨੂੰਮਾਨ ਜੈਅੰਤੀ, ਤੁਸੀਂ ਲੋਕ ਕੋਈ ਵੀ ਤਿਉਹਾਰ ਸ਼ਾਂਤੀ ਨਾਲ ਨਹੀਂ ਮਨਾ ਸਕਦੇ। ਦੰਗੇ, ਪਥਰਾਅ, ਕਰਫਿਊ, ਇਹ ਸਭ ਰਾਜਸਥਾਨ ਵਿਚ ਚੱਲ ਰਿਹਾ ਹੈ।”
ਪੀ.ਐੱਮ. ਮੋਦੀ ਨੇ ਕਿਹਾ ਕਿ ਰਾਜਸਥਾਨ ਤੋਂ ਕਾਂਗਰਸ ਨੂੰ ਹਮੇਸ਼ਾ ਲਈ ਹਟਾਉਣ ਦੀ ਲੋੜ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਸ਼ਾਸਨ ‘ਚ ਦਲਿਤਾਂ ਖ਼ਿਲਾਫ਼ ਅੱਤਿਆਚਾਰ ਦੇ ਨਵੇਂ ਰਿਕਾਰਡ ਬਣ ਰਹੇ ਹਨ, ਕਾਂਗਰਸ ਸੁਭਾਅ ਤੋਂ ਹੀ ਦਲਿਤ ਵਿਰੋਧੀ ਹੈ। ਰਾਜਸਥਾਨ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਨੀਫੈਸਟੋ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,”ਰਾਜਸਥਾਨ ਭਾਜਪਾ ਨੇ ਸ਼ਾਨਦਾਰ ਮੈਨੀਫੈਸਟੋ ਜਾਰੀ ਕੀਤਾ ਹੈ। ਭਾਜਪਾ ਦੇ ਸੰਕਲਪ ਹੈ ਰਾਜਸਥਾਨ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦਾ। ਰਾਜਸਥਾਨ ਭਾਜਪਾ ਨੇ ਜੋ ਵਾਅਦੇ ਕੀਤੇ ਹਨ, ਇਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਜੀ-ਜਾਨ ਲਗਾ ਦੇਵਾਂਗੇ ਅਤੇ ਤੁਹਾਡੇ ਨਾਲ ਕੀਤੇ ਕਈ ਵਾਅਦੇ ਜ਼ਰੂਰ ਪੂਰੇ ਹੋਣਗੇ, ਇਹ ਮੋਦੀ ਦੀ ਵੀ ਗਾਰੰਟੀ ਹੈ।” ਰਾਜ ‘ਚ 25 ਨਵੰਬਰ ਨੂੰ ਵੋਟਿੰਗ ਹੋਣੀ ਹੈ। ਇਸ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,”ਹੁਣ ਤੋਂ ਠੀਕ ਇਕ ਹਫ਼ਤੇ ਬਾਅਦ ਰਾਜਸਥਾਨ ‘ਚ ਵੋਟਿੰਗ ਹੋਣ ਵਾਲੀ ਹੈ। ਹਰ ਪਾਸੇ ਇਕ ਹੀ ਗੂੰਜ ਹੈ, ਜਨ-ਜਨ ਦੀ ਇਹੀ ਪੁਕਾਰ ਆ ਰਹੀ ਹੈ ਭਾਜਪਾ ਸਰਕਾਰ।” ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ‘ਤੇ ਚੁਟਕੀ ਲੈਂਦਿਆਂ ਪੀ.ਐੱਮ. ਮੋਦੀ ਨੇ ਕਿਹਾ,”ਇੱਥੇ ਕੁਝ ਲੋਕ ਆਪਣੇ ਆਪ ਨੂੰ ਜਾਦੂਗਰ ਕਹਿੰਦੇ ਹਨ। ਹੁਣ ਉਨ੍ਹਾਂ ਨੂੰ ਅੱਜ ਰਾਜਸਥਾਨ ਦੇ ਲੋਕ ਕਹਿ ਰਹੇ ਹਨ, 3 ਦਸੰਬਰ ਕਾਂਗਰਸ ਛੂ ਮੰਤਰ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਅੱਜ ਦੁਨੀਆ ‘ਚ ਭਾਰਤ ਦਾ ਬਿਗੁਲ ਵੱਜ ਰਿਹਾ ਹੈ। ਇਹ ਸਭ ਵੋਟਰਾਂ ਦੇ ਕਾਰਨ ਹੋ ਰਿਹਾ ਹੈ ਕਿਉਂਕਿ ਤੁਸੀਂ ਵੋਟ ਦੇ ਕੇ ਦਿੱਲੀ ਵਿਚ ਇਕ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਈ ਹੈ, ਜਿਸ ਕਾਰਨ ਅੱਜ ਭਾਰਤ ਹਰ ਖੇਤਰ ਵਿਚ ਜਿੱਤ ਰਿਹਾ ਹੈ।”