ਪਿੰਡ ਬੂੜਾ ਗੁੱਜਰ ’ਚ ਜਗਦੇਵ ਸਿੰਘ ਦਾ ਕਤਲ
ਜ਼ਿਲ੍ਹਾ ਪੁਲਿਸ ਮੁੱਖੀ ਭਾਗੀਰਥ ਸਿੰਘ ਮੀਨਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਮਨਮੀਤ ਸਿੰਘ ਢਿੱਲੋਂ ਕਪਤਾਨ ਪੁਲਿਸ (ਡੀ) ਅਤੇ ਸਤਨਾਮ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ) ਦੀ ਨਿਗਰਾਨੀ ਹੇਠ ਇੰਸਪੈਕਟਰ ਇਕਬਾਲ ਹੁਸੈਨ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਬੂੜਾ ਗੁੱਜਰ ਵਿਖੇ ਜਗਦੇਵ ਸਿੰਘ ਦਾ ਕਤਲ ਕਰਨ ਵਾਲੇ ਪਤੀ ਪਤਨੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ 24 ਅਪ੍ਰੈਲ 2024 ਨੂੰ ਸੁਖਮਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਲਿਖਾਇਆ ਕਿ ਉਹ ਅਤੇ ਉਸਦਾ ਭਰਾ ਜੋਗਿੰਦਰ ਸਿੰਘ ਦਾਣਾ ਮੰਡੀ ਜੰਡੂਆਣਾ ਵਿਖੇ ਲੇਬਰ ਦਾ ਕੰਮ ਕਰਨ ਗਏ ਸੀ। ਉਸ ਦੌਰਾਨ ਉਸ ਦੇ ਗੁਆਂਢੀ ਸੁਖਪ੍ਰੀਤ ਨੇ ਫੋਨ ’ਤੇ ਦੱਸਿਆ ਕਿ ਅੰਗਰੇਜ਼ ਸਿੰਘ ਪੁੱਤਰ ਪਾਲ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਉਸਦੇ ਪਿਤਾ ਜਗਦੇਵ ਸਿੰਘ ਪੁੱਤਰ ਰੂਪ ਸਿੰਘ ਘਰ ’ਚ ਵੜ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਉਸਦੀ ਗੱਲ ਸੁਣ ਕੇ ਉਹ ਤੁਰੰਤ ਹੀ ਆਪਣੇ ਘਰ ਪੁੱਜਿਆ ਤਾਂ ਉਸਦਾ ਪਿਤਾ ਜ਼ਖ਼ਮੀ ਹਾਲਤ ’ਚ ਮਿਲਿਆ। ਇਲਾਜ ਦੌਰਾਨ ਉਸਦੇ ਪਿਤਾ ਜਗਦੇਵ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਪੁਲਿਸ ਨੇ ਸੁਖਮੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਕਦਮਾ ਨੰਬਰ: 76 ਮਿਤੀ: 29.04.2024 ਅ/ਧ. 302/34 ਹਿੰ:ਦੰ ਬਰਖਿਲ਼ਾਫ ਅੰਗਰੇਜ਼ ਸਿੰਘ ਪੁੱਤਰ ਪਾਲ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਵਾਸੀਆਨ ਪਿੰਡ ਬੂੜਾ ਗੁੱਜਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਤੇ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਅੰਗਰੇਜ਼ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਨੂੰ ਵਾਰਦਾਤ ’ਚ ਵਰਤੇ ਲੱਕੜ ਦੇ ਡੰਡਾ ਸਮੇਤ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦਾ ਪਹਿਲਾਂ ਵੀ ਮ੍ਰਿਤਕ ਜਗਦੇਵ ਸਿੰਘ ਪੁੱਤਰ ਰੂਪ ਸਿੰਘ ਨਾਲ ਝਗੜਾ ਹੋਇਆ ਸੀ ਤਾਂ ਦੁਬਾਰਾ ਫੇਰ ਜਗਦੇਵ ਸਿੰਘ ਨਾਲ ਝਗੜਾ ਹੋਣ ’ਤੇ ਉਨ੍ਹਾਂ ਨੇ ਗੁੱਸੇ ’ਚ ਆ ਕੇ ਜਗਦੇਵ ਸਿੰਘ ਦੀ ਲੱਕੜ ਦੇ ਡੰਡੇ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ ਤੇ ਇਲਾਜ ਦੌਰਾਨ ਜਗਦੇਵ ਸਿੰਘ ਦੀ ਮੌਤ ਹੋ ਗਈ। ਪੁਲਿਸ ਵੱਲੋਂ ਅੰਗਰੇਜ਼ ਸਿੰਘ ਪੁੱਤਰ ਪਾਲ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।