ਮੁਹਾਲੀ ‘ਚ ਸਿਰਫਿਰੇ ਆਸ਼ਿਕ ਦੀ ਕਰਤੂਤ
ਮੁਹਾਲੀ ਦੇ ਫੇਜ਼ ਪੰਜ ਸਾਹਮਣੇ ਉਦਯੋਗਿਕ ਖੇਤਰ ਨੇੜੇ ਮੁੱਖ ਸੜਕ ‘ਤੇ ਸ਼ਰੇਆਮ ਇਕ ਨੌਜਵਾਨ ਵੱਲੋਂ ਲੜਕੀ ਨੂੰ ਤਲਵਾਰ ਨਾਲ ਅੰਨ੍ਹੇਵਾਹ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈ।
ਪ੍ਰਤੱਖ ਦਰਸ਼ੀ ਅਨੁਸਾਰ ਸਵੇਰੇ ਫੇਜ਼ ਪੰਜ ਸਥਿਤ ਗੁਰਦੁਆਰਾ ਸਾਹਿਬ ਨੇੜੇ ਮੁੱਖ ਸੜਕ ‘ਤੇ ਇਕ ਲੜਕੀ ਨੂੰ ਨੌਜਵਾਨ ਨੇ ਘੇਰ ਲਿਆ ਜਦੋਂ ਉਹ ਕੰਮ ‘ਤੇ ਜਾ ਰਹੀ ਸੀ। ਉਸਨੇ ਲੜਕੀ ‘ਤੇ ਤਲਵਾਰ ਨਾਲ ਲਗਾਤਾਰ ਕਈ ਵਾਰ ਕੀਤੇ ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਲੋਕਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ ਲੜਕੀ ਦੀ ਮੌਤ ਹੋ ਚੁੱਕੀ ਹੈ,ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਪ੍ਰੇਮ ਸਬੰਧਾਂ ਦਾ ਮਾਮਲਾ ਆਇਆ ਸਾਹਮਣੇ
ਲੜਕੀ ਦਾ ਨਾਂ ਬਲਜਿੰਦਰ ਕੌਰ ਉਮਰ 26 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੜਕੀ ਫਤਿਹਗੜ੍ਹ ਦੀ ਵਸਨੀਕ ਸੀ ਤੇ ਮੁਹਾਲੀ ਫੇਜ਼ 5 ‘ਚ ਕਿਰਾਏ ’ਤੇ ਰਹਿ ਰਹੀ ਸੀ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮਾਮਲਾ ਪ੍ਰੇਮ ਪ੍ਰਸੰਗ ਦਾ ਦੱਸਿਆ ਜਾ ਰਿਹਾ ਹੈ।
ਵਿਆਹ ਤੋਂ ਇਨਕਾਰ ਕਰਨ ‘ਤੇ ਉਤਾਰਿਆ ਮੌਤ ਦੇ ਘਾਟ
ਵਿਆਹ ਤੋਂ ਇਨਕਾਰ ਕਰਨ ‘ਤੇ ਸੁਖਚੈਨ ਸਿੰਘ ਵਾਸੀ ਸਮਰਾਲਾ ਨੇ ਬਲਜਿੰਦਰ ਕੌਰ ਵਾਸੀ ਫਤਿਹਪੁਰ ਜੱਟਾਂ ਮੋਰਿੰਡਾ ‘ਤੇ ਤਲਵਾਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਸਵੇਰੇ 8.30 ਵਜੇ ਫੇਜ਼-5 ‘ਚ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਤੋਂ ਥੋੜ੍ਹੀ ਦੇਰ ਬਾਅਦ ਮਨਿੰਦਰ ਨੇ ਆਪਣੇ 4 ਤੋਂ 5 ਦੋਸਤਾਂ ਨਾਲ ਮਿਲ ਕੇ ਹਿੰਮਤ ਦਿਖਾਉਂਦੇ ਹੋਏ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਸਿਵਲ ਹਸਪਤਾਲ ਪੁੱਜੇ।