ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸ਼ੁੱਕਰਵਾਰ (8 ਦਸੰਬਰ) ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਹਮਾਸ ਨੂੰ ਭਾਰਤ ਵਿੱਚ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਨਾਲ ਸਬੰਧਤ ਕਿਸੇ ਵੀ ਦਸਤਾਵੇਜ਼ ‘ਤੇ ਦਸਤਖਤ ਕੀਤੇ ਹਨ। ਕੇਂਦਰੀ ਮੰਤਰੀ ਦੀ ਇਹ ਪ੍ਰਤੀਕਿਰਿਆ ਸੰਸਦ ‘ਚ ਕਾਂਗਰਸ ਦੇ ਇਕ ਸੰਸਦ ਮੈਂਬਰ ਵੱਲੋਂ ਪੁੱਛੇ ਗਏ ਸਵਾਲ ‘ਤੇ ਆਈ ਹੈ।
ਸਵਾਲ ਦੇ ਜਵਾਬ ‘ਚ ਮੀਨਾਕਸ਼ੀ ਲੇਖੀ ਨੇ ਕਿਹਾ, ” ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਤਹਿਤ ਕਿਸੇ ਸੰਗਠਨ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਮੈਂ ਇਸ ਸਵਾਲ ਅਤੇ ਇਸ ਦੇ ਜਵਾਬ ਵਾਲੇ ਕਿਸੇ ਕਾਗਜ਼ ‘ਤੇ ਦਸਤਖਤ ਨਹੀਂ ਕੀਤੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਕੇ ਸੁਧਾਕਰਨ ਨੇ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਕੋਲ ਭਾਰਤ ਵਿੱਚ ਹਮਾਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦਾ ਕੋਈ ਪ੍ਰਸਤਾਵ ਹੈ ਅਤੇ ਕੀ ਇਜ਼ਰਾਈਲ ਨੇ ਭਾਰਤ ਸਰਕਾਰ ਅੱਗੇ ਅਜਿਹੀ ਕੋਈ ਮੰਗ ਚੁੱਕੀ ਹੈ?
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਦਸਤਾਵੇਜ਼
ਇਸ ਦੌਰਾਨ ਇਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਇਕ ਦਸਤਾਵੇਜ਼ ਸ਼ੇਅਰ ਕੀਤਾ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਮੀਨਾਕਸ਼ੀ ਲੇਖੀ ਨੇ ਹਮਾਸ ਨੂੰ ਅੱਤਵਾਦੀ ਸੰਗਠਨ ਐਲਾਨਣ ਵਾਲੇ ਦਸਤਾਵੇਜ਼ ‘ਤੇ ਦਸਤਖਤ ਕੀਤੇ ਹਨ। ਕੇਂਦਰੀ ਮੰਤਰੀ ਨੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ।
ਪ੍ਰਿਅੰਕਾ ਚਤੁਰਵੇਦੀ ਨੇ ਮੰਗਿਆ ਸਪੱਸ਼ਟੀਕਰਨ
ਉੱਥੇ ਹੀ ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਤੋਂ ਸਪੱਸ਼ਟੀਕਰਨ ਮੰਗਿਆ ਹੈ। ਟਵੀਟ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ ਮੀਨਾਕਸ਼ੀ ਲੇਖੀ ਆਪਣੇ ਜਵਾਬ ਤੋਂ ਖੁਦ ਨੂੰ ਦੂਰ ਕਰ ਰਹੀ ਹੈ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਦਸਤਖਤ ਨਹੀਂ ਕੀਤੇ ਹਨ। ਜੇਕਰ ਉਹ ਦਾਅਵਾ ਕਰ ਰਹੇ ਹਨ ਕਿ ਇਹ ਜਵਾਬ ਫਰਜ਼ੀ ਹੈ। ਜੇਕਰ ਹਾਂ ਤਾਂ ਇਹ ਨਿਯਮਾਂ ਦੀ ਉਲੰਘਣਾ ਹੈ।
ਹਮਾਸ ਨੇ ਇਜ਼ਰਾਈਲ ‘ਤੇ ਕੀਤਾ ਹਮਲਾ
7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲਿਆਂ ‘ਚ 1400 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਤੇਲ ਅਵੀਵ ਦੇ ਜਵਾਬੀ ਹਮਲੇ ਵਿੱਚ ਹੁਣ ਤੱਕ 16,000 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ।