ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ 1977 ਤੋਂ ਬਾਅਦ 2024 ਦੀਆਂ ਚੋਣਾਂ ’ਚ ਸਭ ਤੋਂ ਵੱਧ 328 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਹਨ।
ਲੋਕ ਸਭਾ ਹਲਕਾ ਲੁਧਿਆਣਾ ਤੋਂ ਸਭ ਤੋਂ ਵੱਧ 43 ਉਮੀਦਵਾਰ ਤੇ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸਭ ਤੋਂ ਘੱਟ 14 ਉਮੀਦਵਾਰ ਚੋਣ ਮੈਦਾਨ ’ਚ ਨਿਤਰੇ ਹਨ। 1991 ਦੀਆਂ ਲੋਕ ਸਭਾ ਚੋਣਾਂ ’ਚ ਹਲਕਾ ਰੋਪੜ ਤੋਂ ਸਿਰਫ਼ ਤਿੰਨ ਉਮੀਦਵਾਰਾਂ ਨੇ ਚੋਣ ਲੜੀ ਸੀ। 1985 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਸਭ ਤੋਂ ਘੱਟ 74 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਜਾਣਕਾਰੀ ਅਨੁਸਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ 1977 ’ਚ 79 ਉਮੀਦਵਾਰਾਂ, 1980 ’ਚ 146 ਉਮੀਦਵਾਰਾਂ, 1985 ’ਚ 74 ਉਮੀਦਵਾਰਾਂ, 1989 ’ਚ 227 ਉਮੀਦਵਾਰਾਂ, 1991 ’ਚ 81 ਉਮੀਦਵਾਰਾਂ, 1996 ’ਚ 259 ਉਮੀਦਵਾਰਾਂ, 1998 ’ਚ 101 ਉਮੀਦਵਾਰਾਂ, 1999 ’ਚ 120 ਉਮੀਦਵਾਰਾਂ, 2004 ’ਚ 142 ਉਮੀਦਵਾਰਾਂ, 2009 ’ਚ 218 ਉਮੀਦਵਾਰਾਂ, 2014 ’ਚ 253 ਉਮੀਦਵਾਰਾਂ ਅਤੇ 2019 ’ਚ 253 ਉਮੀਦਵਾਰਾਂ ਨੇ ਚੋਣ ਲੜੀ ਸੀ।
ਲੋਕ ਸਭਾ ਚੋਣਾਂ ’ਚ ਪੰਜਾਬ ’ਚ 2014 ਤੋਂ ਪਹਿਲਾਂ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਹੀ ਹੁੰਦਾ ਸੀ ਪਰ 2014 ਦੀ ਚੋਣ ’ਚ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਹੋਇਆ। 2024 ਦੀ ਚੋਣ ਵਿੱਚ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਹੋਵੇਗਾ। ਕਈ ਹਲਕਿਆਂ ’ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵੀ ਮੁੱਖ ਮੁਕਾਬਲੇ ’ਚ ਸ਼ਾਮਲ ਹੋਣਗੇ।
ਬਹੁਜਨ ਸਮਾਜ ਪਾਰਟੀ ਨੇ 1977, 1980 ਤੇ 1985 ’ਚ ਪੰਜਾਬ ਦੇ ਕਿਸੇ ਵੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਨਹੀਂ ਉਤਾਰਿਆ। ਬਸਪਾ ਨੇ 1989 ਤੇ 1991 ’ਚ 12 ਹਲਕਿਆਂ, 1996 ਤੇ 1998 ’ਚ 4 ਹਲਕਿਆਂ, 1999 ’ਚ 3 ਹਲਕਿਆਂ, 2004, 2009 ਤੇ 2014 ’ਚ 13 ਹਲਕਿਆਂ, 2019 ’ਚ ਪੰਜਾਬ ਡੈਮੋਕੇ੍ਰਟਿਕ ਅਲਾਇੰਸ ਹੋਣ ਕਾਰਨ ਬਸਪਾ ਨੇ 3 ਹਲਕਿਆਂ ਤੋਂ ਚੋਣ ਲੜੀ ਸੀ। 2024 ਦੀ ਚੋਣ ਵਿੱਚ ਪਾਰਟੀ ਵੱਲੋਂ 13 ਲੋਕ ਸਭਾ ਹਲਕਿਆਂ ਵਿੱਚ ਉਮੀਦਵਾਰ ਉਤਾਰੇ ਗਏ ਹਨ।