ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ’ਤੇ ਲਾਏ ਪਰੇਸ਼ਾਨ ਕਰਨ ਦੇ ਦੋਸ਼
ਹਰਿਆਣਾ ਦੇ ਪਿੰਡ ਬੋਪੁਰ ਤੋਂ ਮਾਪਿਆਂ ਨੇ ਦਸੰਬਰ 2022 ’ਚ ਬੜੇ ਚਾਵਾਂ ਨਾਲ ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕੈਨੇਡਾ ਭੇਜੀ ਧੀ ਮਨਪ੍ਰੀਤ ਕੌਰ ਦੀ ਲਾਸ਼ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਘਰ ਪਹੁੰਚ ਗਈ। ਇਸ ਮੌਕੇ ਚਾਰੇ ਪਾਸੇ ਮਾਹੌਲ ਗਮਗੀਨ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ’ਤੇ ਲੜਕੀ ਦੀ ਹੱਤਿਆ ਕਰਨ ਦੇ ਦੋਸ਼ ਲਾਏ। ਇਸ ਮੌਕੇ ਮਿ੍ਰਤਕਾ ਦੇ ਪਿਤਾ ਸੇਵਾ ਸਿੰਘ ਤੇ ਚਾਚੇ ਨੇ ਦੱਸਿਆ ਕਿ ਉਨ੍ਹਾਂ 30 ਅਗਸਤ 2022 ਨੂੰ ਮਨਪ੍ਰੀਤ ਕੌਰ ਦਾ ਵਿਆਹ ਮਨਿੰਦਰ ਸਿੰਘ ਵਾਸੀ ਸਮਲਾ ਜ਼ਿਲ੍ਹਾ ਪਟਿਆਲਾ ਨਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਹੈਸੀਅਤ ਤੋਂ ਵੱਧ ਵਿਆਹ ’ਤੇ ਖਰਚ ਕੀਤਾ ਸੀ ਪਰ ਸਹੁਰਾ ਪਰਿਵਾਰ ਫਿਰ ਵੀ ਖੁਸ਼ ਨਹੀਂ ਸੀ ਅਤੇ ਲੜਕੀ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ। ਵਿਆਹ ਤੋਂ ਛੇ ਮਹੀਨੇ ਬਾਅਦ ਮਨਪ੍ਰੀਤ ਕੌਰ ਨੇ ਕੈਨੇਡਾ ਜਾ ਕੇ ਪਤੀ ਮਨਿੰਦਰ ਸਿੰਘ ਨੂੰ ਵੀ ਸਪਾਊਸ ਵੀਜ਼ੇ ’ਤੇ ਆਪਣੇ ਕੋਲ ਕੈਨੇਡਾ ਬੁਲਾ ਲਿਆ ਤੇ ਦੋਨੋ ਕੈਲਗਰੀ ’ਚ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਲੜਕੀ ਉਨ੍ਹਾਂ ਨੂੰ ਫੋਨ ’ਤੇ ਦੱਸਦੀ ਰਹਿੰਦੀ ਸੀ ਕਿ ਉਸ ਦਾ ਪਤੀ ਉਸ ਨੂੰ ਕੁੱਟਦਾ-ਮਾਰਦਾ ਹੈ ਅਤੇ ਕੁੱਟਮਾਰ ਦੀਆਂ ਫੋਟੋਆਂ ਤੇ ਵੀਡੀਓ ਬਣਾ ਕੇ ਆਪਣੇ ਮਾਂ ਬਾਪ ਨੂੰ ਭੇਜਦਾ ਹੈ। ਉਹ ਇਸ ਨੂੰ ਰੋਕਣ ਦੀ ਬਜਾਏ ਹੋਰ ਕੁੱਟਮਾਰ ਕਰਨ ਲਈ ਉਕਸਾਉਂਦੇ ਰਹਿੰਦੇ ਸਨ। ਫਿਰ ਉਸ ਨੇ ਮਨਪ੍ਰੀਤ ਤੋਂ ਮੋਬਾਈਲ ਤੇ ਪਾਸਪੋਰਟ ਖੋਹ ਕੇ ਆਪਣੇ ਕਬਜ਼ੇ ’ਚ ਕਰ ਲਿਆ ਅਤੇ ਸਾਡੇ ਨਾਲ ਗੱਲਬਾਤ ਕਰਵਾਉਣੀ ਵੀ ਬੰਦ ਕਰ ਦਿੱਤੀ।21 ਅਪ੍ਰੈਲ 2024 ਨੂੰ ਭੇਤਭਰੀ ਹਾਲਤ ਵਿਚ ਮਨਪ੍ਰੀਤ ਕੌਰ ਦੀ ਘਰ ਵਿੱਚੋਂ ਲਾਸ਼ ਮਿਲੀ। ਇਸ ਦੌਰਾਨ ਕੈਲਗਰੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਦੂਜੀ ਧੀ ਅਮਨਦੀਪ ਕੌਰ ਜੋ ਕੈਨੇਡਾ ਰਹਿ ਰਹੀ ਹੈ, ਤੋਂ ਲੱਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮਨਪ੍ਰੀਤ ਕੌਰ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ’ਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕਰ ਦਿੱਤਾ ਗਿਆ।