ਹੁਸ਼ਿਆਰਪੁਰ – ਕਹਿੰਦੇ ਨੇ ਜਦੋਂ ਰਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ। ਦਰਅਸਲ ਮਾਹਿਲਪੁਰ ਤੋਂ ਦਵਾਈ ਲੈਣ ਆਏ ਇਕ ਬਜ਼ੁਰਗ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਤੋਂ ਬਾਅਦ ਘਰ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਾਹਿਲਪੁਰ ਦੇ ਰਹਿਣ ਵਾਲੇ ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿਚ ਦਵਾਈ ਲੈਣ ਲਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਲਾਟਰੀ ਖ਼ਰੀਦੀ ਗਈ ਸੀ ਅਤੇ ਮਹਿਜ਼ 4 ਘੰਟਿਆਂ ਬਾਅਦ ਹੀ ਉਨ੍ਹਾਂ ਦੀ ਲਾਟਰੀ ਨਿਕਲ ਆਈ। ਲਾਟਰੀ ਨਿਕਲਣ ਦੀ ਜਾਣਕਾਰੀ ਲਾਟਰੀ ਸਟਾਲ ਦੇ ਮਾਲਕ ਵੱਲੋਂ ਫੋਨ ‘ਤੇ ਦਿੱਤੀ ਗਈ।
ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ 2 ਬੱਚੇ ਹਨ। ਦੋਵੇਂ ਬੱਚੇ ਵਿਆਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਨਾਲ ਹੀ ਸਲਾਹ ਕਰਕੇ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਨਗੇ। ਦੂਜੇ ਪਾਸੇ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਹੈ ਅਤੇ ਪਹਿਲਾਂ ਉਸ ਦੇ ਪਿਤਾ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਸਟਾਲ ਦੀ ਅੱਜ ਤੀਜੀ ਕਰੋੜਾਂ ਦੀ ਲਾਟਰੀ ਨਿਕਲੀ ਹੈ ਜੋ ਕਿ ਵੱਡੀ ਅਤੇ ਖ਼ੁਸ਼ੀ ਵਾਲੀ ਗੱਲ ਹੈ।