ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਰਕਰ ਮਿਲਣੀ ਕੀਤੀ।
ਅੱਜ ਇੱਥੇ ਇੱਕ ਨਿੱਜੀ ਹੋਟਲ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਰਕਰ ਮਿਲਣੀ ਕੀਤੀ। ਉਨ੍ਹਾਂ ਨਾਲ ਹਲਕਾ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਵਰਕਰ ਮਿਲਣੀ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੀਤ ਹੇਅਰ ਨੇ ਸੁਖਪਾਲ ਖਹਿਰਾ ਨੂੰ ਕਰੜੇ ਹੱਥੀਂ ਲਿਆ ‘ਤੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਨੀਵਾਂ ਦਿਖਾਉਣ ਵਾਲੇ ਬਿਆਨ ਦੇਣ ਕਾਰਣ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਵਿੱਚ ਨਿਰਾਸ਼ਤਾ ਫੈਲ ਗਈ ਹੈ। ਕਿਉਂਕਿ ਉਹ ਸਟੇਜ ਤੋਂ ਇਹੀ ਬੋਲਦੇ ਹਨ ਕਿ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ ਕਿ ਜੇ ਕੋਈ ਮੇਰੇ ਤੋਂ ਚੰਗਾ ਹੈ ਤਾਂ ਉਸ ਨੂੰ ਟਿਕਟ ਦੇ ਦਿਓ। ਉਨ੍ਹਾਂ ਕਿਹਾ ਕਿ ਖਹਿਰਾ ਸਾਹਿਬ ਤਾਂ ਇੱਥੇ ਛੁੱਟੀਆਂ ਮਨਾਉਣ ਆਏ ਹਨ ਅਤੇ 1 ਜੂਨ ਤੋਂ ਬਾਅਦ ਲੱਭਣੇ ਵੀ ਨਹੀਂ। ਭਾਜਪਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿੱਚ ਇੰਨਾ ਡਰ ਹੈ ਕਿ ਸੰਗਰੂਰ ਸੀਟ ‘ਤੇ ਭਾਜਪਾ ਦਾ ਕੋਈ ਵੀ ਲੀਡਰ ਚੋਣ ਲੜਨ ਲਈ ਤਿਆਰ ਨਹੀਂ ਹੈ। ਕਾਂਗਰਸੀ ਆਗੂ ਦਲਬੀਰ ਸਿੰਘ ਗੋਲਡੀ ਨਾਲ ਹੋਈ ਬੇਇਨਸਾਫੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਔਖੇ ਸਮੇਂ (ਜ਼ਿਮਨੀ ਚੋਣ) ਚੋਣ ਲੜਨ ਵਾਲੇ ਉਮੀਦਵਾਰ ਦੀ ਹੁਣ ਟਿਕਟ ਕੱਟ ਦਿੱਤੀ ਗਈ ਜੋ ਗੋਲਡੀ ਨਾਲ ਸਰਾਸਰ ਧੱਕਾ ਹੈ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸਰਕਾਰ ਦੇ ਸੀਮਤ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਦੇ ਅਧਾਰ ਤੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਿਰਫ ਦੋ ਸਾਲਾਂ ਦੇ ਸਮੇਂ ਵਿੱਚ ਹੀ ਜਿੱਥੇ ਘਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਵਰਗੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ, ਉਥੇ ਹੀ ਸਰਕਾਰੀ ਨੌਕਰੀਆਂ ਦੇਣੀਆਂ, ਖੇਤਾਂ ਨੂੰ ਨਹਿਰੀ ਪਾਣੀ ਦੇਣ, ਪ੍ਰਾਈਵੇਟ ਥਰਮਲ ਪਲਾਂਟ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਵਰਗੇ ਵੱਡੇ ਫੈਸਲੇ ਲਏ ਗਏ ਹਨ। ਉਹਨਾਂ ਕਿਹਾ ਕਿ ਆਪ ਵੱਲੋਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।