ਆਖ਼ਰੀ ਗੇੜ ਤਹਿਤ ਪੰਜਾਬ ਵਿਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ
ਆਖ਼ਰੀ ਗੇੜ ਤਹਿਤ ਪੰਜਾਬ ਵਿਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਨਾਲ ਹੀ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਟਿੱਲ ਦਾ ਜ਼ੋਰ ਲਾਇਆ ਹੋਇਆ ਹੈ।ਸਿਆਸੀ ਪਾਰਟੀਆਂ ਦੇ ਆਗੂ ਇਸ ਵਾਰ ਵੱਡੀਆਂ ਚੋਣ ਰੈਲੀਆਂ ਕਰਨ ਦੀ ਬਜਾਏ ਰੋਡ ਸ਼ੋਅ ਕਰਨ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਦੂਜਾ ਇਨ੍ਹਾਂ ਚੋਣਾਂ ਵਿਚ ਹੁਣ ਤੱਕ ਸਿਆਸੀ ਆਗੂ ਕੌਮੀ ਪੱਧਰ ਦੇ ਮੁੱਦੇ ਉਭਾਰਨ ਦੀ ਬਜਾਏ ਸੂਬੇ ਦੀ ਰਾਜਨੀਤੀ ਅਤੇ ਅਤੀਤ ਵਿਚ ਕੀਤੇ ਕਾਰਜਾਂ ਨੂੰ ਗਿਣਾਉਣ ਲੱਗੇ ਹੋਏ ਹਨ। ਸਿਆਸੀ ਨੇਤਾ ਸਿਆਸੀ ਦੂਸ਼ਣਬਾਜ਼ੀ ਤੇ ਮਿਹਣੋ-ਮਿਹਣੀ ਹੋ ਰਹੇ ਹਨ।ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਹਲਕਿਆਂ ਵਿਚ ਰੋਡ ਸ਼ੋਅ ਕੱਢ ਰਹੇ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਜੋ ਹਾਲੇ ਤੱਕ ਜਾਰੀ ਹੈ। ਸੁਖਬੀਰ ਸਿੰਘ ਬਾਦਲ ਵੋਟਰਾਂ ਨੂੰ ਖੇਤਰੀ, ਪੰਥਕ ਪਾਰਟੀ ਦਾ ਵਾਸਤੇ ਪਾਉਂਦੇ ਹੋਏ ਅਤੀਤ ਵਿਚ ਕੀਤੇ ਕੰਮਾਂ ਦੇ ਆਧਾਰ ’ਤੇ ਵੋਟ ਮੰਗ ਰਹੇ ਹਨ। ਬਾਦਲ ਵਾਰ-ਵਾਰ ਦੋਸ਼ ਲਾ ਰਹੇ ਹਨ ਕਿ ਕੌਮੀ ਪਾਰਟੀਆਂ ਸੂਬੇ ਦੇ ਵਿਕਾਸ ਨੂੰ ਤਰਜੀਹ ਨਹੀ ਦਿੰਦੀਆਂ। ਮੁੱਖ ਮੰਤਰੀ ਭਗਵੰਤ ਮਾਨ ਮੁਫ਼ਤ ਬਿਜਲੀ, ਭ੍ਰਿਸ਼ਟਾਚਾਰ ਰਹਿਤ ਸਾਸ਼ਨ, ਪਹਿਲੇ ਸਾਲ ਵਿਚ ਨੌਕਰੀਆਂ ਦੇਣ ਅਤੇ ਦੂਜੀ ਪਾਰਟੀਆਂ ਵੱਲੋਂ ਪਰਿਵਾਰਵਾਦ ਤੇ ਨਿੱਜੀ ਵਪਾਰ ਨੂੰ ਬੜਾਵਾ ਦੇਣ ਦੀਆਂ ਗੱਲਾਂ ਵੋਟਰਾਂ ਨੂੰ ਯਾਦ ਕਰਵਾ ਰਹੇ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਅਮਨ-ਕਾਨੂੰਨ, ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ, ਸਰਕਾਰੀ ਧਨ ਦੀ ਬਰਬਾਦੀ ਦੀ ਗੱਲ ਕਰ ਰਹੇ ਹਨ। ਸਿਆਸੀ ਹਲਕਿਆਂ ਵਿਚੋਂ ਮਿਲੀਆਂ ਕਨਸੋਆਂ ਅਨੁਸਾਰ ਸਿਆਸੀ ਆਗੂ ਸਰਹੱਦੀ ਸੂਬੇ ਦੇ ਵਿਕਾਸ, ਕੌਮੀ ਸੁਰੱਖਿਆ, ਨਸ਼ਾ ਤਸਕਰੀ, ਦਹਿਸ਼ਤਗਰਦੀ, ਬੇਰੁਜ਼ਗਾਰੀ, ਰੁਜ਼ਗਾਰ ਵਰਗੇ ਮੁੱਦਿਆਂ ਨੂੰ ਭੁੱਲ ਕੇ ਸਥਾਨਕ ਮੁੱਦਿਆਂ ਬਿਜਲੀ, ਪਾਣੀ, ਟੁੱਟੀਆਂ ਸੜਕਾਂ ਅਤੇ ਪਿੰਡਾਂ ਦੇ ਵਿਕਾਸ ਤੱਕ ਸੀਮਤ ਹੋ ਗਏ ਹਨ। ਕਾਂਗਰਸੀ ਆਗੂ ਅਤੀਤ ਵਿਚ ਕੀਤੇ ਕਾਰਜ ਵੋਟਰਾਂ ਨੂੰ ਗਿਣਾਉਣ ਲੱਗੇ ਹੋਏ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਤੇ ‘ਆਪ’ ਆਗੂ ਸਰਕਾਰ ਦੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਦੱਸ ਰਹੇ ਹਨ। ਦਿਲਚਸਪ ਗੱਲ ਹੈ ਕਿ ਸਿਆਸੀ ਆਗੂ ਦੂਜੀ ਪਾਰਟੀ ਨੂੰ ਇਕ-ਦੂਜੇ ਦੀ ਬੀ ਟੀਮ ਦੱਸ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਭਾਜਪਾ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਇਕੱਲਿਆਂ ਚੋਣ ਲੜ ਰਹੀ ਹੈ। ਭਾਜਪਾ ਲੀਡਰਸ਼ਿਪ ਦਾ ਕਿਸਾਨਾਂ ਵੱਲੋਂ ਘਿਰਾਓ ਨਿਰੰਤਰ ਜਾਰੀ ਹੈ। ਆਗਾਮੀ ਦਿਨਾਂ ਵਿਚ ਪਾਰਟੀ ਦੇ ਕੌਮੀ ਆਗੂ ਚੋਣ ਪ੍ਰਚਾਰ ਵਿਚ ਉਤਰਨਗੇ। ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਜ਼ਰੀਏ ਇਕ-ਦੂਜੇ ’ਤੇ ਨਿੱਜੀ ਤੋਹਮਤਬਾਜ਼ੀ, ਦੂਸ਼ਣਬਾਜ਼ੀ ਦੀਆਂ ਤੋਪਾਂ ਚਲਾ ਰਹੇ ਹਨ, ਜਦਕਿ ਦੇਸ਼, ਪੰਜਾਬ ਅਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਹੀਂ ਦੱਸ ਰਹੇ। ਉਧਰ ਕਿਸਾਨ ਯੂਨੀਅਨਾਂ, ਕਿਸਾਨਾਂ ਵੱਲੋਂ ਉਮੀਦਵਾਰਾਂ ਖ਼ਾਸ ਕਰ ਕੇ ਭਾਜਪਾ ਤੇ ‘ਆਪ’ ਉਮੀਦਵਾਰਾਂ ਨੂੰ ਘੇਰਿਆ ਜਾ ਰਿਹਾ ਹੈ ਜਿਸ ਕਰ ਕੇ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨਾ ਮੁਸ਼ਕਲ ਬਣਿਆ ਹੋਇਆ ਹੈ।