ਕੋਰਟ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਨੇ ਪਹਿਲੀ ਐੱਫਆਈਆਰ ਦਸੰਬਰ 2023 ਅਤੇ ਦੂਜੀ ਜਨਵਰੀ 2024 ਵਿਚ ਦਰਜ ਕੀਤੀ ਸੀ।
ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੈਪੁਰ ਸੈਂਟਰਲ ਜੇਲ੍ਹ ਵਿਚ ਬੰਦ ਰਹਿਣ ਦੌਰਾਨ ਹੀ ਜ਼ੂਮ ਐਪ ਜ਼ਰੀਏ ਇਕ ਟੀਵੀ ਚੈਨਲ ਨਾਲ ਜੁੜ ਕੇ ਇੰਟਰਵਿਊ ਦਿੱਤੀ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਪੰਜਾਬ ਐੱਸਆਈਟੀ ਦੀ ਟੀਮ ਨੇ ਰਾਜਸਥਾਨ ਪੁਲਿਸ ਨੂੰ ਇਸਦੇ ਸਬੂਤ ਦਿੱਤੇ ਹਨ। ਇਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਜੈਪੁਰ ਦੇ ਲਾਲਕੋਠੀ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ, ਮਾਰਚ 2023 ਵਿਚ ਲਾਰੈਂਸ ਦੀਆਂ ਦੋ ਇੰਟਰਵਿਊਜ਼ ਸਾਹਮਣੇ ਆਈਆਂ ਸਨ। ਕੋਰਟ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਨੇ ਪਹਿਲੀ ਐੱਫਆਈਆਰ ਦਸੰਬਰ 2023 ਅਤੇ ਦੂਜੀ ਜਨਵਰੀ 2024 ਵਿਚ ਦਰਜ ਕੀਤੀ ਸੀ। ਐੱਸਆਈਟੀ ਨੇ ਸੁਣਵਾਈ ਦੌਰਾਨ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਇਕ ਇੰਟਰਵਿਊ ਰਾਜਸਥਾਨ ਦੀ ਕਿਸੇ ਜੇਲ੍ਹ ਵਿਚ ਹੋਣ ਦੀ ਗੱਲ ਕਹੀ ਸੀ। ਉਸ ਦੌਰਾਨ ਲਾਰੈਂਸ ਜੈਪੁਰ ਸੈਂਟਰਲ ਜੇਲ੍ਹ ਵਿਚ ਬੰਦ ਸੀ। ਅਗਸਤ 2024 ਵਿਚ ਹਾਈ ਕੋਰਟ ਨੇ ਐੱਸਆਈਟੀ ਮੁਖੀ ਪ੍ਰਬੋਧ ਕੁਮਾਰ ਨੂੰ ਰਾਜਸਥਾਨ ਦੇ ਡੀਜੀਪੀ ਨੂੰ ਇਸਦੇ ਸਬੂਤ ਦੇਣ ਦਾ ਹੁਕਮ ਦਿੱਤਾ।
ਜਾਂਚ ਮੁਤਾਬਕ ਜੈਪੁਰ ਦੇ ਜੀ ਕਲੱਬ ਫਾਇਰਿੰਗ ਮਾਮਲੇ ਵਿਚ ਜਵਾਹਰ ਸਰਕਲ ਥਾਣਾ ਪੁਲਿਸ ਲਾਰੈਂਸ ਨੂੰ 15 ਫਰਵਰੀ ਨੂੰ ਜੈਪੁਰ ਲਿਆਈ ਸੀ। ਇੱਥੇ ਲਾਰੈਂਸ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਉਸਨੂੰ 16 ਦਿਨ ਦੇ ਰਿਮਾਂਡ ’ਤੇ ਪੁਲਿਸ ਨੂੰ ਸੌਂਪ ਦਿੱਤਾ। ਲਾਰੈਂਸ ਦੋ ਮਾਰਚ ਤੱਕ ਪੁਲਿਸ ਦੀ ਹਿਰਾਸਤ ਵਿਚ ਸੀ। ਫਿਰ ਉਸਨੂੰ ਜੈਪੁਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਬਠਿੰਡਾ ਜੇਲ੍ਹ ਵਿਚ ਸ਼ਿਫਟ ਹੋਣ ਤੋਂ ਬਾਅਦ 14 ਤੇ 17 ਮਾਰਚ ਨੂੰ ਇਕ ਨਿੱਜੀ ਟੀਵੀ ਚੈਨਲ ’ਤੇ ਲਾਰੈਂਸ ਦੀਆਂ ਦੋ ਇੰਟਰਵਿਊਜ਼ ਪ੍ਰਸਾਰਿਤ ਹੋਈਆਂ। ਇਸ ਤੋਂ ਬਾਅਦ ਕੋਰਟ ਦੇ ਨਿਰਦੇਸ਼ ’ਤੇ ਐੱਸਆਈਟੀ ਗਠਿਤ ਕੀਤੀ ਗਈ। ਇੰਟਰਵਿਊ ਵਿਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਉਣ ਦੀ ਗੱਲ ਮੰਨੀ ਸੀ। ਹੁਣ ਜੈਪੁਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।