ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਹੁਕਮਾਂ ‘ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਅਮਰੀਕੀ ਡਾਲਰ ਦਾ ਮੁਆਵਜ਼ਾ ਮਿਲੇਗਾ।
ਕੁਵੈਤ ਸਰਕਾਰ ਦੱਖਣੀ ਅਹਿਮਦੀ ਸੂਬੇ ਦੇ ਮੰਗਾਫ ‘ਚ ਲੱਗੀ ਭਿਆਨਕ ਅੱਗ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਅਮਰੀਕੀ ਡਾਲਰ (ਲਗਭਗ 12.5 ਲੱਖ ਰੁਪਏ) ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਅੱਗ ਵਿੱਚ 46 ਭਾਰਤੀਆਂ ਸਮੇਤ 50 ਲੋਕਾਂ ਦੀ ਮੌਤ ਹੋ ਗਈ ਸੀ।
ਸ਼ਾਰਟ ਸਰਕਟ ਕਾਰਨ ਲੱਗੀ ਸੀ ਅੱਗ
ਕੁਵੈਤ ਦੇ ਅਧਿਕਾਰੀਆਂ ਮੁਤਾਬਕ ਮੰਗਾਫ ਸ਼ਹਿਰ ‘ਚ 12 ਜੁਲਾਈ ਨੂੰ ਸੱਤ ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ ਜ਼ਮੀਨੀ ਮੰਜ਼ਿਲ ‘ਤੇ ਗਾਰਡ ਦੇ ਕਮਰੇ ‘ਚ ਸ਼ਾਰਟ ਸਰਕਟ ਕਾਰਨ ਲੱਗੀ ਸੀ। ਇਸ ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਸਨ।
ਮੁਆਵਜ਼ਾ ਦੇਣ ਦਾ ਆਦੇਸ਼
ਅਰਬ ਟਾਈਮਜ਼ ਦੀ ਰਿਪੋਰਟ ਮੁਤਾਬਕ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਹੁਕਮਾਂ ‘ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਅਮਰੀਕੀ ਡਾਲਰ ਦਾ ਮੁਆਵਜ਼ਾ ਮਿਲੇਗਾ।
ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ ਕਿ ਮੁਆਵਜ਼ੇ ਦੀ ਅਦਾਇਗੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ ਤੇ ਇਹ ਮ੍ਰਿਤਕਾਂ ਦੇ ਦੇਸ਼ਾਂ ਦੇ ਦੂਤਾਵਾਸਾਂ ਨੂੰ ਦਿੱਤੀ ਜਾਵੇਗੀ। ਸਬੰਧਤ ਦੂਤਾਵਾਸ ਇਹ ਯਕੀਨੀ ਬਣਾਉਣਗੇ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਫੰਡ ਤੁਰੰਤ ਅਤੇ ਸੁਚਾਰੂ ਢੰਗ ਨਾਲ ਵੰਡੇ ਜਾਣ।