ਪੰਜਾਬੀ ਗਾਇਕ ਕੇ. ਐੱਸ. ਮੱਖਣ ਉਰਫ ਕੁਲਦੀਪ ਸਿੰਘ ਤੱਖਰ ਇਕ ਵਾਰ ਮੁੜ ਮੁਸ਼ਕਿਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਕੁਝ ਦਿਨਾਂ ਤੱਕ ਕੇ. ਐੱਸ. ਮੱਖਣ ਦਾ ਗੀਤ ‘ਜ਼ਮੀਨ ਦਾ ਰੋਲਾ’ ਰਿਲੀਜ਼ ਹੋਵੇਗਾ, ਜਿਸ ਨੂੰ ਲੈ ਕੇ ਉਹ ਮੁਸ਼ਕਿਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਉਥੇ ਹੀ ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ ਐੱਸ. ਐੱਸ. ਪੀ ਅਤੇ ਡੀ. ਸੀ. (ਡਿਪਟੀ ਕਮਿਸ਼ਨਰ) ਨੂੰ ਇਸੇ ਗੀਤ ਕਾਰਨ ਕੇ. ਐੱਸ. ਮੱਖਣ ਅਤੇ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਦੱਸ ਦਈਏ ਕਿ ਪੰਡਿਤ ਰਾਓ ਧਰਨੇਵਰ ਨੇ ਆਪਣੀ ਸ਼ਿਕਾਇਤ ‘ਚ ਲਿਖਿਆ ਹੈ ਕਿ- ਕੇ. ਐੱਸ. ਮੱਖਣ ਦੇ ਨਵੇਂ ਗੀਤ ‘ਜ਼ਮੀਨ ਦਾ ਰੋਲਾ’ ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ‘ਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਹੈ। ਪੰਡਿਤ ਰਾਓ ਧਰਨੇਵਰ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ‘ਤੇ ਸਖ਼ਤ ਕਾਰਵਾਈ ਕਰੇ ਅਤੇ ਗੀਤ ‘ਚੋਂ ਹਥਿਆਰਾਂ ਵਾਲੇ ਦ੍ਰਿਸ਼ ਹਟਾਏ ਜਾਣ।
ਦੱਸਣਯੋਗ ਹੈ ਕਿ ਕੇ. ਐੱਸ. ਮੱਖਣ ਦੇ ਇਸ ਆਉਣ ਵਾਲੇ ਗੀਤ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਸਵੀਰਾਂ ‘ਚ ਹਥਿਆਰਾਂ ਨਾਲ ਕੁਝ ਨੌਜਵਾਨ ਖੜ੍ਹੇ ਹਨ। ਧਰਨੇਵਰ ਦਾ ਕਹਿਣਾ ਹੈ ਕਿ ਜੇਕਰ ਇਸ ਗੀਤ ਨੂੰ ਰਿਲੀਜ਼ਿੰਗ ਤੋਂ ਪਹਿਲਾਂ ਹਥਿਆਰਾਂ ਦੀ ਵੀਡੀਓ ਡਿਲੀਟ ਨਹੀਂ ਕੀਤੀ ਜਾਵੇਗੀ ਤਾਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਜ਼ਿੰਮੇਵਾਰ ਹੋਣਗੇ।