ਭਾਜਪਾ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਬਦਲਣ ’ਤੇ ਕਰ ਰਹੀ ਵਿਚਾਰ,
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਲੁਧਿਆਣਾ ਤੋਂ ਆਪਣੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਦਲਣ ਬਾਰੇ ਵਿਚਾਰ ਕਰ ਰਹੀ ਹੈ, ਕਿਉਂਕਿ ਪਾਰਟੀ ਦੇ ਤਾਜ਼ਾ ਸਰਵੇਖਣ ਮੁਤਾਬਕ ਉਹ ਜਿੱਤਦੇ ਹੋਏ ਦਿਖਾਈ ਨਹੀਂ ਦੇ ਰਹੇ ਅਤੇ ਉਹ ਚੌਥੇ ਸਥਾਨ ਉੱਪਰ ਆ ਰਹੇ ਹਨ। ਵੜਿੰਗ ਨੇ ਕਿਹਾ ਕਿ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਦੌਰਾਨ, ਬਿੱਟੂ ਨੂੰ 10 ਸਾਲਾਂ ਤੱਕ ਬਹੁਤ ਜ਼ਿਆਦਾ ਨਿੱਜੀ ਸੱਤਾ ਵਿਰੋਧੀ ਭਾਵਨਾ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਅੰਦਰੂਨੀ ਸਰਵੇਖਣ ਨੇ ਉਨ੍ਹਾਂ ਨੂੰ ਲੁਧਿਆਣਾ ਦੀ ਲੜਾਈ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਹੈ ਅਤੇ ਉਹ ਮੁਕਾਬਲੇ ਵਿੱਚ ਬਾਕੀ ਸਭ ਤੋਂ ਪਿੱਛੇ ਰਹਿ ਸਕਦੇ ਹਨ। ਭਾਜਪਾ ਅਗਲੇ ਕੁੱਝ ਦਿਨਾਂ ਵਿੱਚ ਇੱਕ ਵੱਖਰੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਪਾਰਟੀ ਦੇ ਆਬਜ਼ਰਵਰ ਮਹਿਸੂਸ ਕਰਦੇ ਹਨ ਕਿ ਹਾਲੇ ਵੀ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਵਾਲੇ ਫੈਸਲੇ ਵਿੱਚ ਕੁੱਝ ਸੋਧ ਕਰਨ ਦਾ ਸਮਾਂ ਹੈ। ਹਾਲਾਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਭਰੋਸਾ ਪ੍ਰਗਟਾਇਆ ਕਿ ਭਾਜਪਾ ਜਿਸ ਨੂੰ ਵੀ ਮੈਦਾਨ ਵਿੱਚ ਉਤਾਰਦੀ ਹੈ, ਉਹ ਨਾ ਸਿਰਫ਼ ਚੌਥੇ ਜਾਂ ਪੰਜਵੇਂ ਸਥਾਨ ’ਤੇ ਰਹੇਗਾ, ਸਗੋਂ ਉਹ ਆਪਣੀ ਜ਼ਮਾਨਤ ਵੀ ਗੁਆ ਦੇਵੇਗਾ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਜੇਕਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਨਿੱਜੀ ਤੌਰ ’ਤੇ ਚੋਣ ਲੜਨ ਲਈ ਆਉਂਦੇ ਹਨ, ਤਾਂ ਉਹ ਵੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਪਾਉਣਗੇ। ਆਪਣੇ ‘ਦੋਸਤ’ ਬਿੱਟੂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵੜਿੰਗ ਨੇ ਅਫਸੋਸ ਪ੍ਰਗਟਾਇਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਸ ਵਿਰੁੱਧ ਡੰਮੀ ਉਮੀਦਵਾਰ ਖੜਾ ਕਰਕੇ ਉਨ੍ਹਾਂ ਦੀ ਹਮਾਇਤ ਨੇ ਵੀ ਬਿੱਟੂ ਦੀ ਕੋਈ ਮਦਦ ਨਹੀਂ ਕੀਤੀ ਅਤੇ ਉਸ ਨੂੰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਦੀ ਧੂੜ ਚੱਟਣੀ ਪਈ ਹੈ।