ਖਰੜ : ਇੱਥੋਂ ਦੀ ਸ਼ਿਵਜੋਤ ਐਨਕਲੇਵ ਦੇ ਇਕ ਫਲੈਟ ਅੰਦਰ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ’ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਫ਼ਤੀਸ਼ੀ ਅਫ਼ਸਰ ਐੱਸ. ਆਈ. ਦਿਲਬਾਗ ਸਿੰਘ ਢੋਲ ਨੇ ਦੱਸਿਆ ਕਿ ਬੀਤੇ ਸਵੇਰੇ ਪੁਲਸ ਨੂੰ ਸ਼ਿਵਜੋਤ ਐਨਕਲੇਵ ਦੇ ਇਕ ਫਲੈਟ ਦੀ ਪਹਿਲੀ ਮੰਜ਼ਿਲ ਦੀ ਮਾਲਕਣ ਵਲੋਂ ਇਸ ਘਟਨਾ ਸਬੰਧੀ ਇਤਲਾਹ ਦਿੱਤੀ ਗਈ ਸੀ। ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਕਤ ਘਰ ਦੇ ਇਕ ਕਮਰੇ ‘ਚ, ਜੋ ਮਾਲਕ ਨੇ ਕਿਰਾਏ ’ਤੇ ਦਿੱਤਾ ਹੋਇਆ ਸੀ, ਇਕ ਨੌਜਵਾਨ ਨੇ ਫ਼ਾਹਾ ਲਾਇਆ ਹੋਇਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜੂ ਮਲਿਕ (24) ਪੁੱਤਰ ਮੰਗਾ ਖਾਨ ਵਾਸੀ ਮਾੜੀ ਵਾਲਾ ਟਾਊਨ ਮਨੀਮਾਜਰਾ ਚੰਡੀਗੜ੍ਹ ਵਜੋਂ ਹੋਈ ਹੈ। ਮ੍ਰਿਤਕ ਦੇ ਭੂਆ ਦੇ ਪੁੱਤਰ ਸਾਹਿਲ ਨੇ ਦੱਸਿਆ ਕਿ ਉਸ ਦੇ ਮਾਮੇ ਦੇ ਦੋ ਪੁੱਤਰ ਹਨ, ਵੱਡਾ ਰਾਜੂ ਤੇ ਛੋਟਾ ਇਹ ਸੀ। ਰਾਜੂ 10ਵੀਂ ਜਮਾਤ ਤੱਕ ਪੜ੍ਹਿਆ ਹੈ, ਜੋ ਆਪਣੇ ਘਰ ਬਹੁਤ ਘੱਟ ਜਾਂਦਾ ਸੀ ਤੇ ਇਸੇ ਤਰ੍ਹਾਂ ਬਾਹਰ ਕਿਰਾਏ ’ਤੇ ਕਮਰਾ ਲੈ ਕੇ ਰਹਿੰਦਾ ਆ ਰਿਹਾ ਸੀ।
15 ਦਿਨ ਪਹਿਲਾਂ ਹੀ ਕਮਰਾ ਲਿਆ ਸੀ ਕਿਰਾਏ ’ਤੇ
ਜਾਣਕਾਰੀ ਮੁਤਾਬਕ ਰਾਜੂ ਅਤੇ ਉਸ ਦੀ ਦੋਸਤ ਕੁੜੀ 15 ਦਿਨ ਪਹਿਲਾਂ ਉਕਤ ਮਕਾਨ ’ਚ ਰਹਿਣ ਲਈ ਆਏ ਸਨ। ਕਮਰਾ ਕਿਰਾਏ ’ਤੇ ਲੈਣ ਮੌਕੇ ਦੋਹਾਂ ਨੇ ਮਕਾਨ ਮਾਲਕ ਨੂੰ ਇਹ ਦੱਸਿਆ ਸੀ ਕਿ ਉਹ ਬੂਟਾਂ ਦੀ ਦੁਕਾਨ ਕਰਨਾ ਚਾਹੁੰਦੇ ਹਨ। ਜਿਵੇਂ ਹੀ ਉਨ੍ਹਾਂ ਨੂੰ ਦੁਕਾਨ ਮਿਲੇਗੀ, ਉਹ ਛੱਡ ਕੇ ਇਥੋਂ ਚਲੇ ਜਾਣਗੇ। ਸ਼ਨਾਖਤ ਸਬੰਧੀ ਦਸਤਾਵੇਜ਼ ਮੰਗਣ ’ਤੇ ਦੋਹਾਂ ਨੇ ਕਿਹਾ ਸੀ ਕਿ ਉਹ ਦੀਵਾਲੀ ਮਨਾਉਣ ਲਈ ਘਰ ਜਾ ਰਹੇ ਹਨ। ਵਾਪਸ ਆ ਕੇ ਆਪਣੇ ਪਰੂਫ ਉਨ੍ਹਾਂ ਨੂੰ ਦੇ ਦੇਣਗੇ ਪਰ ਬੀਤੇ ਵੀਰਵਾਰ ਦੀ ਰਾਤ ਰਾਜੂ ਜਦੋਂ ਵਾਪਸ ਆਇਆ ਤਾਂ ਉਹ ਇਕੱਲਾ ਹੀ ਸੀ। ਉਸ ਦੀ ਦੋਸਤ ਕੁੜੀ ਉਸ ਦੇ ਨਾਲ ਨਹੀਂ ਸੀ। ਸਵੇਰੇ ਰਾਜੂ ਦੀ ਦੋਸਤ ਕੁੜੀ ਨੇ ਮਕਾਨ ਮਾਲਕ ਨੂੰ ਫੋਨ ਕਰ ਕੇ ਰਾਜੂ ਨੂੰ ਇਹ ਸੁਨੇਹਾ ਦੇਣ ਲਈ ਕਿਹਾ ਕਿ ਉਹ ਜਲਦ ਪੈਕਿੰਗ ਕਰ ਲਵੇ, ਉਨ੍ਹਾਂ ਨੇ ਕਿਤੇ ਜਾਣਾ ਹੈ।
ਮਕਾਨ ਮਾਲਕਣ ਮੁਤਾਬਕ ਉਸ ਨੇ ਜਦੋਂ ਰਾਜੂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਮਿਲਿਆ। ਅਖ਼ੀਰ ਉਸ ਨੇ ਜਦੋਂ ਬਾਹਰਲੇ ਦਰਵਾਜ਼ੇ ਤੋਂ ਜਾ ਕੇ ਦੇਖਿਆ ਤਾਂ ਰਾਜੂ ਸਾਹਮਣੇ ਪੱਖੇ ਨਾਲ ਲਟਕਦਾ ਮਿਲਿਆ। ਉਸ ਵਲੋਂ ਤੁਰੰਤ ਪੁਲਸ ਨੂੰ ਇਤਲਾਹ ਦਿੱਤੀ ਗਈ। ਮਕਾਨ ਮਾਲਕਣ ਮੁਤਾਬਕ ਰਾਜੂ ਨੇ ਪਹਿਲਾਂ ਵੀ ਉਸ ਕੋਲੋਂ ਇਕ ਹਜ਼ਾਰ ਰੁਪਏ ਉਧਾਰ ਲਏ ਸਨ, ਜੋ ਵਾਪਸ ਨਹੀਂ ਕੀਤੇ ਤੇ ਰਾਤੀ ਵੀ ਉਹ ਉਸ ਕੋਲੋਂ ਪੈਸੇ ਮੰਗ ਰਿਹਾ ਸੀ ਪਰ ਉਸ ਨੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਉਸ ਨੇ ਰਾਤ ਸ਼ੋਸ਼ਲ ਮੀਡੀਆ ’ਤੇ ਸਟੇਟਸ ਪਾਇਆ ਸੀ ਕਿ ‘ਤੇਰੇ ਕੋਲ ਪੈਸਾ ਹੈ ਤਾਂ ਬੜੇ ਲੋਕ ਆਉਣਗੇ ਬਈ, ਜੇਕਰ ਨਹੀਂ ਤਾਂ ਜਿਹੜੇ ਹਨ, ਉਹ ਵੀ ਤੇਰੇ ਕੋਲੋਂ ਚਲੇ ਜਾਣਗੇ’। ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਮੁਤਾਬਕ ਸੀ. ਆਰ. ਪੀ. ਸੀ. ਦੀ ਧਾਰਾ-174 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।