Kangana Ranaut ਨੇ ਕਿਹਾ ਕਿ ਕਿਸਾਨ ਬਿੱਲਾਂ ਨੂੰ ਵਾਪਸ ਲੈ ਲਿਆ ਗਿਆ ਨਹੀਂ ਤਾਂ ਇਨ੍ਹਾਂ ਹੰਗਾਮਾਕਾਰੀਆਂ ਦੀ ਬਹੁਤ ਲੰਬੀ ਯੋਜਨਾ ਸੀ।
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਐੱਮਪੀ ਕੰਗਨਾ ਰਣੌਤ (Kangana Ranaut) ਨੇ ਕਿਸਾਨ ਅੰਦੋਲਨ ਨੂੰ ਲੈ ਕੇ ਮੁੜ ਜ਼ਹਿਰ ਉਗਲਿਆ ਹੈ। ਇਕ ਨਿੱਜੀ ਅਖਬਾਰ ਨਾਲ ਗੱਲਬਾਤ ਕਰਦਿਆਂ ਕੰਗਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਬਰ ਜਨਾਹ ਤੇ ਹੱਤਿਆਵਾਂ ਹੋਈਆਂ। ਕੰਗਨਾ ਨੇ ਕਿਹਾ ਕਿ ਜੇਕਰ ਸਰਕਾਰ ਕਮਜ਼ੋਰ ਹੁੰਦੀ ਤਾਂ ਪੰਜਾਬ ਵੀ ਬੰਗਲਾਦੇਸ਼ ਬਣ ਜਾਣਾ ਸੀ।
ਕੰਗਨਾ ਨੇ ਕਿਹਾ ਕਿ ਕਿਸਾਨ ਅੰਦੋਲਨ ‘ਚ ਵਿਰੋਧ ਦੇ ਨਾਂ ‘ਤੇ ਹਿੰਸਾ ਫੈਲਾਈ ਗਈ ਸੀ। ਅੰਦੋਲਨ ਦੌਰਾਨ ਲੜਕੀਆਂ ਨਾਲ ਜਬਰ ਜਨਾਹ ਹੋ ਰਹੇ ਸੀ। ਬਹੁਤ ਸਾਰੇ ਲੋਕ ਮਾਰੇ ਜਾ ਰਹੇ ਸਨ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ।
ਕੰਗਨਾ ਨੇ ਕਿਹਾ ਕਿ ਕਿਸਾਨ ਬਿੱਲਾਂ ਨੂੰ ਵਾਪਸ ਲੈ ਲਿਆ ਗਿਆ ਨਹੀਂ ਤਾਂ ਇਨ੍ਹਾਂ ਹੰਗਾਮਾਕਾਰੀਆਂ ਦੀ ਬਹੁਤ ਲੰਬੀ ਯੋਜਨਾ ਸੀ। ਉਹ ਦੇਸ਼ ਵਿਚ ਕੁਝ ਵੀ ਕਰ ਸਕਦੇ ਸੀ। ਕੰਗਨਾ ਨੇ ਕਿਹਾ ਕਿ ਜੇਕਰ ਸਾਡੀ ਸਿਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਂਦਾ।
ਕਾਂਗਰਸ ਦੇ ਵਿਧਾਇਕ ਰਹੇ ਚੁੱਕੇ ਰਾਜਕੁਮਾਰ ਵੇਰਕਾ ਨੇ ਕੰਗਣਾ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਕੰਗਨਾ ਰਣੌਤ ਪੰਜਾਬ ਦੇ ਆਗੂਆਂ ਖਿਲਾਫ਼ ਜ਼ਹਿਰ ਉਗਲਦੀ ਹੈ। ਉਸ ਨੇ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ।
ਉਹ ਕਿਸੇ ਦੀ ਸ਼ਹਿ ‘ਤੇ ਬੋਲ ਰਹੀ ਹੈ। ਭਾਜਪਾ ਇਸ ਦੇ ਲਈ ਸਫ਼ਾਈ ਦੇਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋੰ ਮੰਗ ਕੀਤੀ ਕਿ ਉਸ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਇਸ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕਾਰਵਾਈ ਹੋਵੇ।