ਕੰਗਣਾ ਰਣੌਤ ਵੱਲੋਂ ਗਲਤ ਸ਼ਬਦਾਵਲੀ ਵਰਤਣ ਦੇ ਕਾਰਨ ਉਸ ਉੱਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ ਨੂੰ ਸ਼ੇਰਨੀ ਦਾ ਖਿਤਾਬ ਦਿੱਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੰਗਣਾ ਰਣੌਤ ਵੱਲੋਂ ਗਲਤ ਸ਼ਬਦਾਵਲੀ ਵਰਤਣ ਦੇ ਕਾਰਨ ਉਸ ਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ ਨੂੰ ਸ਼ੇਰਨੀ ਦਾ ਖਿਤਾਬ ਦਿੱਤਾ ਗਿਆ ਹੈ।
ਉਸ ਨੂੰ ਪੰਜਾਬ ਦੀ ਸ਼ੇਰਨੀ ਕਹਿ ਕੇ ਉਸ ਨਾਲ ਖੜਨ ਦੀ ਗੱਲ ਕੀਤੀ ਗਈ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹਾਲਾਂਕਿ ਦੁਬਾਰਾ ਬਣ ਗਈ ਹੈ ਪਰ ਉਨ੍ਹਾਂ ਦੀ ਜੇਕਰ 40 ਸੀਟਾਂ ਘੱਟ ਆਈਆਂ ਹਨ ਤਾਂ ਉਸ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।
ਉਨ੍ਹਾਂ ਕਿਹਾ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਹਾਸਿਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰਾਂ ਨੇ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਇਸੇ ਕਾਰਨ ਭਾਜਪਾ 400 ਦੇ ਆਂਕੜੇ ਨੂੰ ਪਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਲੋੜ ਹੈ। ਜੇਕਰ ਮੋਦੀ ਸਰਕਾਰ ਚਾਹੁੰਦੀ ਹੈ ਤਾਂ ਅਸੀਂ ਬੈਠ ਕੇ ਗੱਲਬਾਤ ਕਰਨ ਲਈ ਵੀ ਤਿਆਰ ਹਾਂ।
ਪੰਜਾਬ ਸਰਕਾਰ ਦੇ ਝੁਠੇ ਦਾਅਵੇ: ਝੋਨੇ ਦੇ ਸੀਜ਼ਨ ਨੂੰ ਲੈ ਕੇ ਵੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਹੈ, ਉਹ ਸਭ ਝੂਠੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਟੇਲਾਂ ਤੱਕ ਪਾਣੀ ਨਹੀਂ ਪਹੁੰਚੇ ਹਨ।
ਸਰਕਾਰ ਬਿਜਲੀ ਵੀ ਮੁਹੱਈਆ ਕਰਵਾਉਣ ‘ਚ ਪੂਰੀ ਤਰ੍ਹਾਂ ਸਮਰੱਥ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਹਨੇਰੀ ਝੱਖੜ ਆਉਣ ਦੇ ਨਾਲ ਪੰਜਾਬ ਦੇ ਵਿੱਚ ਬੱਤੀ ਗੁਲ ਹੋ ਜਾਂਦੀ ਹੈ। ਕਿਹਾ ਕਿ ਵੱਡੀਆਂ ਨਹਿਰਾਂ ਦੇ ਨੇੜੇ-ਤੇੜੇ ਤੱਕ ਵੀ ਪਾਣੀ ਨਹੀਂ ਪਹੁੰਚ ਸਕਿਆ ਹੈ।
ਬਿਜਲੀ ਬਿਨਾਂ ਗੁਜ਼ਾਰਾ ਨਹੀਂ: ਲੱਖੋਵਾਲ ਨੇ ਕਿਹਾ ਕਿ ਬਿਜਲੀ ਮੁਹੱਈਆ ਕਰਵਾਉਣ ‘ਚ ਪਿਛਲੀਆਂ ਸਰਕਾਰਾਂ ਸਮਰੱਥ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਵੀ ਨਵਾਂ ਯੂਨਿਟ ਦਾ ਪਲਾਂਟ ਉਹ ਨਹੀਂ ਲਗਾ ਸਕੇ ਹਨ ਇਸ ਕਰਕੇ ਸਰਕਾਰ ਨੂੰ ਬਿਜਲੀ ਦੇ ਬੰਦੋਬਸਤ ਕਰਨ ਦੀ ਲੋੜ ਹੈ ਕਿਉਂਕਿ ਬਿਜਲੀ ਬਿਨਾਂ ਗੁਜ਼ਾਰਾ ਨਹੀਂ ਹੈ।
ਉੱਥੇ ਦੂਜੇ ਪਾਸੇ ਐਨ.ਓ.ਸੀ. ਨੂੰ ਲੈ ਕੇ ਵੀ ਉਨ੍ਹਾਂ ਪੰਜਾਬ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਐਨ.ਓ.ਸੀ. ਤੁਰੰਤ ਬੰਦ ਕੀਤੀ ਜਾਵੇ ਕਿਉਂਕਿ ਤਹਿਸੀਲਾਂ ਦੇ ਵਿੱਚ ਪੈਸੇ ਦੇ ਕੇ ਰਜਿਸਟਰੀਆਂ ਕੁਝ ਲੋਕਾਂ ਦੀਆਂ ਤਾਂ ਹੋ ਜਾਂਦੀਆਂ ਹਨ, ਪਰ ਆਮ ਲੋਕ ਖੱਜਲ ਖੁਆਰ ਹੁੰਦੇ ਹਨ।