ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਹੁਣ ਉਸ ਦੇ ਪਿਤਾ ਦੇ ਸਾਹਮਣੇ ਆਏ ਬਿਆਨ ਨਾਲ ਇਨ੍ਹਾਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ। ਕੰਗਨਾ ਦੇ ਪਿਤਾ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਲੋਕ ਸਭਾ ਚੋਣ ਲੜੇਗੀ। ਹਾਲਾਂਕਿ ਪਿਤਾ ਨੇ ਕਿਹਾ ਕਿ ਭਾਜਪਾ ਤੈਅ ਕਰੇਗੀ ਕਿ ਬੇਟੀ ਕੰਗਨਾ ਕਿੱਥੋਂ ਚੋਣ ਲੜੇਗੀ।
ਅਦਾਕਾਰਾ ਕੰਗਨਾ ਰਣੌਤ ਦੇ ਪਿਤਾ ਅਮਰਦੀਪ ਨੇ ਸਪੱਸ਼ਟ ਕੀਤਾ ਹੈ ਕਿ ਕੰਗਨਾ ਭਾਜਪਾ ਦੀ ਟਿਕਟ ‘ਤੇ ਹੀ ਚੋਣ ਲੜੇਗੀ, ਪਰ ਪਾਰਟੀ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ ਕਿ ਉਹ ਕਿੱਥੋਂ ਚੋਣ ਲੜੇਗੀ। ਵੱਡੀ ਗੱਲ ਇਹ ਹੈ ਕਿ ਕੰਗਨਾ ਨੇ ਦੋ ਦਿਨ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੁੱਲੂ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਵੀ ਕੀਤੀ ਸੀ। ਮੀਟਿੰਗ ਤੋਂ ਬਾਅਦ ਉਸ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਸੀ, ਪਰ ਹੁਣ ਉਸ ਦੇ ਪਿਤਾ ਨੇ ਸਾਫ਼ ਕਰ ਦਿੱਤਾ ਹੈ ਕਿ ਕੰਗਨਾ ਚੋਣ ਲੜੇਗੀ।
ਪਿਛਲੇ ਹਫ਼ਤੇ ਹਿਮਾਚਲ ਦੇ ਬਿਲਾਸਪੁਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਇੱਕ ਸਮਾਜਿਕ ਮਿਲਣੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਕੰਗਨਾ ਨੇ ਵੀ ਇਸ ਵਿੱਚ ਹਿੱਸਾ ਲਿਆ ਸੀ ਅਤੇ ਕਿਹਾ ਸੀ ਕਿ ਆਰਐਸਐਸ ਦੀ ਵਿਚਾਰਧਾਰਾ ਉਸ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਦੇ ਮੰਡੀ ਲੋਕ ਸਭਾ ਸੀਟ ਜਾਂ ਚੰਡੀਗੜ੍ਹ ਤੋਂ ਚੋਣ ਲੜਨ ਦੀਆਂ ਚਰਚਾਵਾਂ ਹਨ।
ਜ਼ਿਕਰਯੋਗ ਹੈ ਕਿ ਫਿਲਮ ਅਦਾਕਾਰਾ ਕੰਗਨਾ ਰਣੌਤ ਮੂਲ ਤੌਰ ‘ਤੇ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਧਾਨ ਸਭਾ ਹਲਕੇ ਦੇ ਪਿੰਡ ਭੰਬਲਾ ਦੀ ਰਹਿਣ ਵਾਲੀ ਹੈ। ਉਸ ਨੇ ਮਨਾਲੀ ਵਿੱਚ ਆਪਣਾ ਇੱਕ ਘਰ ਵੀ ਬਣਾਇਆ ਹੋਇਆ ਹੈ। ਉਸ ਦਾ ਪਰਿਵਾਰ ਹੁਣ ਮਨਾਲੀ ਵਿੱਚ ਹੀ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਕੰਗਨਾ ਰਣੌਤ ਨੇ ਗੁਜਰਾਤ ਦੇ ਦਵਾਰਕਾ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਜੇਕਰ ਭਗਵਾਨ ਦੀ ਕਿਰਪਾ ਰਹੀ ਤਾਂ ਉਹ ਜ਼ਰੂਰ ਚੋਣ ਲੜੇਗੀ। ਇਸ ਤੋਂ ਬਾਅਦ ਕੰਗਨਾ ਦੇ ਚੋਣ ਲੜਨ ਦੀਆਂ ਖਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ।