ਉਨ੍ਹਾਂ ਨੇ ਦਿੱਲੀ ਦੇ ਹਸਪਤਾਲ ਵਿਚ ਆਖ਼ਰੀ ਸਾਹ ਲਏ। ਕਮਲ ਚੌਧਰੀ ਦੇ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ ।
ਹੁਸ਼ਿਆਰਪੁਰ ਦੀ ਸਿਆਸਤ ਵਿਚ ਇੱਕ ਤਰਫ਼ਾ 15 ਸਾਲ ਰਾਜ ਕਰਨ ਵਾਲੇ ਸੁਕਾਡਰਨ ਲੀਡਰ ਕਮਲ ਚੌਧਰੀ ਨਹੀਂ ਰਹੇ। 77 ਵਰਿ੍ਹਆਂ ਦੇ ਕਮਲ ਚੌਧਰੀ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿੱਲੀ ਦੇ ਇੱਕ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਆਜਾਦੀ ਘੁਲਾਟੀਆ ਪਿਤਾ ਬਲਵੀਰ ਚੌਧਰੀ ਦੇ ਪੁੱਤਰ ਕਮਲ ਚੌਧਰੀ ਦਾ ਜਨਮ ਆਜਾਦੀ ਤੋਂ ਡੇਢ ਮਹੀਨਾ ਪਹਿਲਾਂ 03 ਜੁਲਾਈ 1947 ਨੂੰ ਹੁਸ਼ਿਆਰਪੁਰ ਵਿਖੇ ਹੋਇਆ ਸੀ।
ਮੁੱਢਲੀ ਸਿੱਖ਼ਿਆ ਹੁਸ਼ਿਆਰਪੁਰ ਤੋਂ ਲੈਣ ਉਪਰੰਤ ਉਹ 1967 ਵਿਚ ਨੈਸ਼ਨਲ ਡਿਫ਼ੈਂਸ ਅਕੈਡਮੀ ਵਿਚ ਦਾਖ਼ਲ ਹੋਏ ਅਤੇ 21 ਜੂਨ 1969 ਨੂੰ ਕਮਿਸ਼ਨਡ ਦੇ ਤੌਰ ’ਤੇ ਹਵਾਈ ਫ਼ੌਜ ਵਿਚ ਭਰਤੀ ਹੋ ਗਏ।
ਭਾਰਤੀ ਹਵਾਈ ਫ਼ੌਜ ਵਲੋਂ ਯੂ ਐਸ ਐਸ ਆਰ ਤੋਂ ਮਿਗ 23 ਏਅਰ ਕਰਾਫ਼ਟ ਖ਼ਰੀਦੇ ਗਏ ਤਾਂ ਯੂ ਐਸ ਐਸ ਆਰ ਗਈ ਕਮੇਟੀ ਦੇ ਮੈਂਬਰ ਵਜੋਂ ਸ਼ਾਮਿਲ ਹੋਏ ਸਨ।
ਸਿਆਸਤ ਵਿਚ ਦਾਖ਼ਲਾ
ਏਅਰ ਫ਼ੋਰਸ ਵਿਚ ਆਪਣੀ ਨੌਕਰੀ ਦੌਰਾਨ ਕਮਲ ਚੌਧਰੀ ਗਾਂਧੀ ਪਰਿਵਾਰ ਦੇ ਨਜ਼ਦੀਕ ਆ ਗਏ ਸਨ ਅਤੇ ਸ੍ਰੀ ਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਕਮਲ ਚੌਧਰੀ ਨੂੰ ਸਿਆਸਤ ਵਿਚ ਲੈ ਆਏ ਅਤੇ ਉਨ੍ਹਾਂ 1985 ਵਿਚ ਹੁਸ਼ਿਆਰਪੁਰ ਤੋਂ ਕਾਂਗਰਸ ਦੀ ਟਿਕਟ ਦੇ ਦਿੱਤੀ।
ਕਮਲ ਚੌਧਰੀ 1989 ਵਿਚ ਦੂਜੀ ਵਾਰ, 1992 ਵਿਚ ਤੀਜੀ ਵਾਰ ਅਤੇ 1998 ਵਿਚ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਉਹ ਚੌਥੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ। ਚੌਥੀ ਵਾਰ ਉਹ ਭਾਜਪਾ ਦੀ ਟਿਕਟ ਤੋਂ ਜਿੱਤੇ ਸਨ। ਕਾਂਗਰਸ ਵਿਚ ਸਰਗਰਮੀ ਦੌਰਾਨ ਉਹ 1990 ਵਿਚ ਆਲ ਇੰਡੀਆ ਕਾਂਗਰਸ ਐਕਸ ਸਰਵਿਸਮੈਨ ਕਮੇਟੀ ਦੇ ਚੇਅਰਮੈਨ ਬਣ ਅਤੇ ਕਾਂਗਰਸ ਵਿਚ ਹੀ ਉਨ੍ਹਾਂ 1997 ਵਿਚ ਕਾਂਗਰਸ ਪਰਮਾਨੈਂਟ ਕੰਟਰੋਲ ਰੂਮ ਸਥਾਪਿਤ ਕੀਤਾ।
1987 ਤੋਂ 1995 ਤੱਕ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵੀ ਰਹੇ। ਡੀ ਏ ਵੀ ਕਾਲਜ ਪ੍ਰਬੰਧਕ ਕਮੇਟੀ ਹੁਸ਼ਿਆਰਪੁਰ ਦੇ ਉਹ ਲਗਾਤਾਰ 20 ਸਾਲ ਚੇਅਰਮੈਨ ਰਹੇ। 2010 ਵਿਚ ਹੋਈਆਂ ਕਾਮਨ ਵੈਲਥ ਖ਼ੇਡਾਂ ਵਿਚ ਉਨ੍ਹਾਂ ਨੂੰ ਕੁਈਨਜ਼ ਬੈਟਨ ਰਿਲੇਅ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।
ਗੁੱਸੇ ਕਾਰਨ ਸਿਆਸਤੀ ਸਫ਼ਰ ’ਚ ਆਈ ਗਿਰਾਵਟ
ਬਹੁਤ ਸਾਰੀਆਂ ਖ਼ੂਬੀਆਂ ਹੋਣ ਦੇ ਨਾਲ ਨਾਲ ਕਮਲ ਚੌਧਰੀ ਦੀ ਇੱਕ ਕਮੀ ਹੀ ਉਨ੍ਹਾਂ ਦੇ ਸਿਆਸੀ ਸਫ਼ਰ ਵਿਚ ਗਿਰਾਵਟ ਦਾ ਕਾਰਨ ਬਣੀ।
ਸੁਭਾਅ ਵਿਚ ਜਿਆਦਾ ਗੁੱਸਾ ਹੋਣ ਕਾਰਨ ਉਨ੍ਹਾਂ ਦੇ ਬਹੁਤ ਨਜ਼ਦੀਕੀ ਵੀ ਡਰ ਕਾਰਨ ਉਨ੍ਹਾਂ ਤੋਂ ਦੂਰੀ ਬਣਾਉਣ ਲੱਗ ਪਏ ਅਤੇ ਸਿਆਸੀ ਸਫ਼ਰ ਵਿਚ ਇੱਕ ਅਜਿਹਾ ਮੋੜ ਆਇਆ ਕਿ ਉਨ੍ਹਾਂ ਅਕਾਲੀ ਦਲ ਬਾਦਲ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਪੱਲਾ ਵੀ ਫ਼ੜਨਾ ਪਿਆ ਪਰੰਤੂ ਸੁਭਾਅ ਵਿਚ ਗੁੱਸੇ ਦੀ ਭਰਮਾਰ ਕਾਰਨ ਹੀ ਉਨ੍ਹਾਂ ਦਾ ਸਿਆਸੀ ਕੈਰੀਅਰ ਹੌਲੀ ਹੌਲੀ ਖ਼ਤਮ ਹੋ ਗਿਆ।
ਓਹਨਾ ਦੇ ਅਕਾਲ ਚਲਾਣੇ ਤੇ ਧਾਰਮਿਕ, ਰਾਜਸੀ, ਸਮਾਜਿਕ ਅਤੇ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ