ਕਾਲਕਾ(ਚੰਡੀਗੜ੍ਹ ) : ਵਿਸ਼ਵ ਧਰੋਹਰ ਕਾਲਕਾ-ਸ਼ਿਮਲਾ ਟਰੈਕ ’ਤੇ ਚੱਲਣ ਵਾਲੀ ਟੁਆਏ ਟਰੇਨ ਦੇ 10 ਸਟਾਪੇਜ ਅਚਾਨਕ ਖ਼ਤਮ ਕਰ ਦਿੱਤੇ ਗਏ ਹਨ। ਸਵੇਰੇ ਕਾਲਕਾ ਤੋਂ ਸ਼ਿਮਲਾ ਤੱਕ ਚੱਲਣ ਵਾਲੀ ਇਹ ਟਰੇਨ ਹੁਣ ਇਨ੍ਹਾਂ ਸਟਾਪਾਂ ’ਤੇ ਨਹੀਂ ਰੁਕ ਰਹੀ। ਰੇਲਵੇ ਦੀ ਦਲੀਲ ਹੈ ਕਿ ਇਹ ਫ਼ੈਸਲਾ ਰੇਲ ਗੱਡੀਆਂ ਦਾ ਸਮਾਂ ਘਟਾਉਣ ਅਤੇ ਹੋਰ ਟਰੇਨਾਂ ਦੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਲਿਆ ਗਿਆ ਹੈ। ਦੂਜੇ ਪਾਸੇ ਰੇਲਵੇ ਵਲੋਂ ਲਏ ਗਏ ਇਸ ਅਚਨਚੇਤ ਫ਼ੈਸਲੇ ਕਾਰਨ ਰੇਲ ਗੱਡੀ ਵਿਚ ਸਫ਼ਰ ਕਰਨ ਵਾਲੇ ਲੋਕ ਪਰੇਸ਼ਾਨ ਹਨ। ਹੁਣ ਉਨ੍ਹਾਂ ਨੂੰ ਬੱਸਾਂ ਰਾਹੀਂ ਸਫ਼ਰ ਕਰਨਾ ਪੈਂਦਾ ਹੈ।
ਜਾਣਕਾਰੀ ਮੁਤਾਬਕ ਰੇਲਵੇ ਮੁਤਾਬਕ ਕਾਲਕਾ ਤੋਂ ਸ਼ਿਮਲਾ ਲਈ ਸਵੇਰੇ 3.45 ’ਤੇ ਚੱਲਣ ਵਾਲੀ 52457 ਟੁਆਏ ਟਰੇਨ ਹੁਣ ਕਨੋਹ, ਕੈਥਲੀਘਾਟ, ਸ਼ੋਘੀ ਅਤੇ ਤਾਰਾਦੇਵੀ ਸਟਾਪੇਜ ’ਤੇ ਨਹੀਂ ਰੁਕ ਰਹੀ। ਇਹ ਟਰੇਨ ਸਵੇਰੇ 8.55 ’ਤੇ ਸ਼ਿਮਲਾ ਪਹੁੰਚਦੀ ਹੈ। ਇਸ ਦੇ ਨਾਲ ਹੀ ਜਦੋਂ ਇਹ ਟਰੇਨ ਸ਼ਿਮਲਾ ਤੋਂ ਕਾਲਕਾ ਲਈ ਰਵਾਨਾ ਹੁੰਦੀ ਹੈ ਤਾਂ ਵਾਪਸੀ ’ਤੇ ਕੈਥਲੀਘਾਟ, ਕੁਮਾਰਹੱਟੀ, ਸਨਵਾੜਾ, ਕੋਟੀ, ਗੁੰਮਨ ਅਤੇ ਟਕਸਾਲ ਦੇ 6 ਸਟਾਪੇਜ ’ਤੇ ਨਹੀਂ ਰੁਕਦੀ। ਸਥਾਨਕ ਲੋਕ ਸਭ ਤੋਂ ਜ਼ਿਆਦਾ ਇਸ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹਨ। ਰੇਲਵੇ ਮੁਤਾਬਕ ਸ਼ਿਮਲਾ ਤੋਂ ਵਾਪਸ ਆਉਣ ਵਾਲੀ ਇਹ ਟਰੇਨ ਸ਼ਾਮ 4.35 ’ਤੇ ਕਾਲਕਾ ਪਹੁੰਚਦੀ ਹੈ।
ਇਸ ਟਰੇਨ ਨੂੰ ਏਕਤਾ ਐਕਸਪ੍ਰੈੱਸ ਨਾਲ ਕੁਨੈਕਟੀਵਿਟੀ ਦਿੱਤੀ ਗਈ ਹੈ। ਰੇਲਵੇ ਮੁਤਾਬਕ ਇਸ ਨਾਲ ਸੈਲਾਨੀਆਂ ਨੂੰ ਸਹੂਲਤ ਮਿਲ ਰਹੀ ਹੈ। ਇਸ ਤੋਂ ਇਲਾਵਾ ਟੁਆਏ ਟਰੇਨ ਦੇ ਸਟਾਪੇਜ ਨੂੰ ਘਟਾ ਕੇ ਟਰੇਨ ਦਾ ਸਮਾਂ ਵੀ ਕਰੀਬ 15 ਮਿੰਟ ਘਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੁਪਹਿਰ ਵੇਲੇ ਸ਼ਿਮਲਾ ਲਈ ਚੱਲਣ ਵਾਲੀ ਹਿਮਾਲੀਅਨ ਕੁਈਨ ਟੁਆਏ ਟਰੇਨ ਦੇ ਕੁੱਝ ਸਟਾਪ ਵੀ ਘਟਾ ਦਿੱਤੇ ਗਏ ਹਨ। ਰੇਲਵੇ ਵਿਭਾਗ ਅੰਬਾਲਾ ਡਿਵੀਜ਼ਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਿਮਲਾ ਵਿਚ ਇਨ੍ਹੀਂ ਦਿਨੀਂ ਰੈਕ ਦਾ ਠਹਿਰਾਅ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵੀ ਸਟਾਪੇਜ ਘੱਟ ਕੀਤੇ ਗਏ ਹਨ।